ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਸਿਰਾਂ ਤੇ ਰਾਤ ਹੈ ਕਾਲੀ ਭਰਾਓ ਜਾਗਦੇ ਰਹੀਏ।
ਕਿਤੇ ਪੱਥਰ ਨਾ ਹੋ ਜਾਈਏ ਦਿਲਾਂ ਦੀ ਵੇਦਨਾ ਕਹੀਏ।

ਇਹ ਏਨੇ ਸਾਲ ਵਿਚ ਪਹੁੰਚੀ ਕਿਤੇ ਨਾ ਦੋਸਤੋ ਗੱਡੀ,
ਬਥੇਰੇ ਹਿੱਕ ਸਾਡੀ ਨੇ ਲੰਘਾਏ ਰੇਲ ਦੇ ਪਹੀਏ।

ਅਸੀਂ ਮੁਜਰਿਮ ਦੇ ਵਾਂਗੂੰ ਲੰਘਦੇ ਹਾਂ ਰਾਜਪਥ ਕੋਲੋਂ,
ਤਲਾਸ਼ੀ ਵਾਲਿਆਂ ਕੋਲੋਂ ਕਿਤੇ ਨਾ ਪੱਗ ਲੁਹਾ ਬਹੀਏ।

ਮਲਾਹਾਂ ਅੱਧ ਵਿਚ ਦਰਿਆ ਦੇ ਆ ਬੇੜੀ ਖਲ੍ਹਾਰੀ ਹੈ,
ਤੁਸੀਂ ਦੱਸੋ ਕਿ ਇਸਨੂੰ ਦੋਸਤੀ ਜਾਂ ਦੁਸ਼ਮਣੀ ਕਹੀਏ।

ਸਿਰਫ਼ ਇਹ ਸਿਦਕ ਤੇ ਵਿਸ਼ਵਾਸ਼ ਮੇਰੇ ਨਾਲ ਤੁਰਦਾ ਹੈ,
ਉਸੇ ਦੇ ਆਸਰੇ ਹਰ ਹਾਲ ਵਿਚ ਸਿੱਧੇ ਖੜ੍ਹੇ ਰਹੀਏ।

ਜਦੋਂ ਮੌਸਮ ਨੇ ਅੱਜ ਤੱਕ ਨਾਲ ਸਾਡੇ ਨਾ ਵਫ਼ਾ ਕੀਤੀ,
ਅਸੀਂ ਵੀ ਕਿਹੜੇ ਸਾਕੋਂ ਏਸ ਦੀ ਯਾਰੋ ਤੜੀ ਸਹੀਏ।

ਬੋਲ ਮਿੱਟੀ ਦਿਆ ਬਾਵਿਆ /89