ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਨਜ਼ਰ ਵਿਚ

-ਸੁਤਿੰਦਰ ਸਿੰਘ ਨੂਰ

ਗੁਰਭਜਨ ਗਿੱਲ ਦੇ ਕਾਵਿ-ਸੰਗ੍ਰਹਿ 'ਬੋਲ ਮਿੱਟੀ ਦਿਆ ਬਾਵਿਆ' ਬਾਰੇ ਗੱਲ ਮੈਂ ਉਹਦੇ ਹੀ ਇਨ੍ਹਾਂ ਸ਼ਿਅਰਾਂ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ

ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫ਼ਨੀਅਰ ਨਾਗਾਂ ਨੇ।
ਯਤਨ ਕਰਾਂ ਕਿ ਕੀਲ ਲਵਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਏ,
ਪੱਥਰਾਂ ਨੂੰ ਪਿਘਲਾ ਸਕਦਾ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਇਸ ਸੰਗ੍ਰਹਿ ਵਿਚ ਉਸਦੀਆਂ ਨਜ਼ਮਾਂ, ਗੀਤ ਤੇ ਗ਼ਜ਼ਲਾਂ ਹਨ। ਉਸਦੇ ਇਹ ਸ਼ਿਅਰ ਇਨ੍ਹਾਂ ਵਿਚ ਪ੍ਰਵੇਸ਼ ਕਰਨ ਦਾ ਸਾਨੂੰ ਬਿੰਦੂ ਦੇ ਦਿੰਦੇ ਹਨ। ਉਹ ਆਪਣੇ ਕਾਵਿ ਨੂੰ ਜਿਸ ਉਦੇਸ਼ ਤੇ ਜਿਸ ਯਥਾਰਥ ਨਾਲ ਸੰਬੰਧਤ ਕਰਦਾ ਹੈ, ਉਸਦਾ ਉਲੇਖ ਉਹ ਇਨ੍ਹਾਂ ਸਤਰਾਂ ਵਿਚ ਕਰਦਾ ਹੈ। ਪਹਿਲੇ ਸ਼ਿਅਰ ਵਿਚ ਉਹ ਫ਼ਨੀਅਰ ਨਾਗਾਂ ਨੂੰ ਕੀਲਣ ਦਾ ਯਤਨ ਕਰ ਰਿਹਾ ਹੈ। ਪਰ ਦੂਜੇ ਵਿਚ ਪੱਥਰਾਂ ਨੂੰ ਪਿਘਲਾ ਸਕਣ ਦਾ ਉਸ ਨੂੰ ਭਰਮ ਜਿਹਾ ਹੈ। ਇਉਂ ਉਸਦਾ ਕਾਵਿ ਇਸ ਯਤਨ ਦੇ ਭਰਮ 'ਚੋਂ ਸਿਰਜਣਾ ਪ੍ਰਾਪਤ ਕਰਦਾ ਹੈ। ਮੈਂ ਇਸ ਯਤਨ ਤੇ ਭਰਮ ਦੀ ਹੀ ਗੱਲ ਕਰਾਂਗਾ ਕਿਉਂਕਿ ਇਸ ਸੰਗ੍ਰਹਿ ਦਾ ਬਹੁਤਾ ਕਾਵਿ ਪੰਜਾਬ ਤੇ ਸੰਤਾਪ ਨਾਲ ਸੰਬੰਧਤ ਹੈ। ਇਸ ਲਈ ਇਸ ਯਤਨ ਤੇ ਭਰਮ ਨੂੰ ਉਸ ਸੰਤਾਪ 'ਚੋਂ ਉਪਜੀ ਚੇਤਨਾ ਹੀ ਸੁਦ੍ਰਿੜ ਕਰਨਾ ਜ਼ਰੂਰੀ ਹੈ। ਇਉਂ ਯਤਨ ਤੇ ਭਰਮ ਉਸ ਚੇਤਨਾ ਦੇ ਵੀ ਦੋ ਪੱਖ ਬਣ ਜਾਂਦੇ ਹਨ। ਪਹਿਲੇ ਪੱਖ ਨੂੰ ਸਪਸ਼ਟ ਕਰਨ ਲਈ ਅਜਿਹੀਆਂ ਕਾਵਿ-ਸਤਰਾਂ ਲਈਆਂ ਜਾ ਸਕਦੀਆਂ ਹਨ।

ਬੋਲ ਮਿੱਟੀ ਦਿਆ ਬਾਵਿਆ/9