ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਊਭੜ ਖਾਭੜ ਸੜਕਾਂ ਉੱਤੇ ਲੱਗ ਰਹੇ ਹਿਚਕੋਲੇ।
ਪੋਟਲੀਆਂ 'ਚੋਂ ਕਿਰਦੇ ਜਾਂਦੇ ਗੁੱਡੀਆਂ ਅਤੇ ਪਟੋਲੇ।

ਸ਼ਾਮ ਢਲੇ ਤਾਂ ਬੇਵਿਸ਼ਵਾਸੀ ਚਾਰ-ਚੁਫ਼ੇਰਿਓਂ ਘੇਰੇ,
ਥਾਲੀ ਵਿਚਲੇ ਪਾਣੀ ਵਾਂਗੂੰ ਹਰ ਪਲ ਮਨੂਆ ਡੋਲੇ।

ਪੂਰਨਿਆਂ ਤੇ ਪੋਚਾ ਫਿਰਿਆ ਅੱਖ਼ਰ ਕਿਤੇ ਗੁਆਚੇ,
ਅਨਪੜ੍ਹ ਲੋਕਾਂ ਵਾਗੂੰ ਵਾਹਾਂ ਐਵੇਂ ਘੀਚ-ਮਚੋਲੇ।

ਮੋਇਆਂ ਦੀ ਬਸਤੀ ਵਿਚ ਦਸਤਕ ਦੇਵਾਂ ਤਾਂ ਕਿੰਜ ਦੇਵਾਂ,
ਆਸ ਨਹੀਂ ਹੈ ਮੁਰਦਾ ਜਾਗੇ, ਉੱਠੇ ਕੁੰਡਾ ਖੋਲ੍ਹੇ।

ਮੰਦੀਆਂ ਖ਼ਬਰਾਂ 'ਕੱਠੀਆਂ ਕਰਕੇ ਭਰ ਜਾਂਦੇ ਨੇ ਵਿਹੜਾ,
ਮਨ ਦੀ ਛਤਰੀ ਉਤੇ ਬਹਿੰਦੇ ਆਣ ਕਬੂਤਰ ਗੋਲੇ।

ਉੱਚੇ ਨੀਵੇਂ ਛਾਬੇ ਇਸਦੇ ਗੌਰ ਨਾਲ ਤਾਂ ਵੇਖੋ,
ਬਾਂਦਰ ਹੱਥ ਤਰਾਜ਼ੂ ਦੱਸੋ? ਕਿੱਦਾਂ ਪੂਰਾ ਤੋਲੇ।

ਸਾਡੇ ਖੂਨ 'ਚ ਲਥਪੱਥ ਹੋਈ ਸਰਬ ਸਮੇਂ ਦੀ ਪੋਥੀ,
ਹਰ ਥਾਂ ਲਿਸ਼ਕੇ ਸੁਰਖ਼ ਇਬਾਰਤ ਜਿੰਨੇ ਵਰਕੇ ਫ਼ੋਲੇ।

ਬੋਲ ਮਿੱਟੀ ਦਿਆ ਬਾਵਿਆ /91