ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਸਕਣ ਦੀ ਯੋਗਤਾ ਹੈ। ਵੈਸੇ ਤਾਂ ਅਧਿਆਪਕ ਵਰਗ ਨੂੰ ਅਜਿਹੀਆਂ ਖੋਜ਼ਾਂ ਪ੍ਰਤੀ ਖੁਦ ਹੀ ਸੁਚੇਤ ਹੋ ਕੇ ਆਪਣੇ ਗਿਆਨ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਰਖਣਾ ਚਾਹੀਦਾ ਹੈ, ਪਰ ਸਾਡੀ ਮਾਨਸਿਕਤਾ ਤਾਂ ਹਰ ਨਵੇਂ ਵਿਸ਼ੇ ਨੂੰ ਇਕ ਬੋਝ ਵਾਂਗ ਲੈਣ ਦੀ ਹੀ ਹੈ। ਜਦੋਂ ਅਧਿਆਪਕ ਲਈ ਆਪਣੇ ਆਪ ਨੂੰ ਗਿਆਨ ਭੰਡਾਰ ਨਾਲ ਜੋੜ ਕੇ ਰਖਣਾ ਬੋਝ ਹੈ ਤਾਂ ਫਿਰ ਉਹ ਵਿਦਿਆਰਥੀਆਂ ਨੂੰ ਕੀ ਦੇਵੇਗਾ? ਸਿਲੇਬਸ ਪ੍ਰਤੀ ਸਾਡੀ ਮਨੋਵਿਰਤੀ ਹੈ- ਪੜ੍ਹਣਾ, ਇਮਤਿਹਾਨ ਦੇਣਾ, ਪਾਸ ਹੋਣਾ ਤੇ...ਭੁੱਲ ਜਾਣਾ।

ਬੱਚਿਆਂ ਨੂੰ ਪੜ੍ਹਾਉਣ ਲਈ ਇਹ ਲਾਜਮੀ ਹੈ ਕਿ ਮਨੁੱਖ ਉਨ੍ਹਾਂ ਨਾਲ ਪਿਆਰ ਕਰੇ। ਕੇਵਲ ਇਸ ਢੰਗ ਨਾਲ ਹੀ ਬੰਦਾ ਬੱਚਿਆਂ ਵਿੱਚ ਕਿਰਤ, ਮਿੱਤਰਤਾ ਅਤੇ ਮਾਨਵਤਾ ਦੀ ਖੁਸ਼ੀ ਦਾ ਬੀਜ ਬੀਅ ਸਕਦਾ ਹੈ। ਇਹ ਲਾਜਮੀ ਹੈ ਕਿ ਅਧਿਆਪਕ ਹਰ ਵਿਦਿਆਰਥੀ ਦੇ ਦਿਲ ਤਕ ਰਾਹ ਲੱਭਣ ਯੋਗ ਹੋਵੇ।

ਅਧਿਆਪਕ ਦਾ ਹਰ ਢੰਗ ਮਨੁੱਖ ਲਈ ਅਥਾਹ ਸਤਿਕਾਰ ਅਤੇ ਭਰੋਸੋ ਉੱਤੇ ਅਧਾਰਤ ਹੋਵੇ। ਅਧਿਆਪਕ ਦਾ ਕੰਮ ਹੈ: ਬੱਚੇ ਨੂੰ ਉਹਦੇ ਦੁਆਲੇ ਦੇ ਸੰਸਾਰ ਵਿਚ ਕਿਵੇਂ ਲੈ ਜਾਇਆ ਜਾਵੇ, ਸਿੱਖਣ ਵਿਚ ਉਹਦੀ ਮਦਦ ਕਿਵੇਂ ਕੀਤੀ ਜਾਵੇ ਅਤੇ ਉਹਦੀ ਬੌਧਿਕ ਘਾਲਣਾ ਕਿਵੇਂ ਸੌਖੀ ਬਣਾਈ ਜਾਵੇ। ਉਹਦੀ ਆਤਮਾ ਵਿਚ ਉੱਚ ਭਾਵਨਾਵਾਂ ਅਤੇ ਭਾਵ ਕਿਵੇਂ ਪੈਦਾ ਕੀਤੇ ਜਾਣ ਅਤੇ ਪਕੇਰੇ ਬਣਾਏ ਜਾਣ, ਇਹ ਨਿਸ਼ਚਾ ਕਿ ਮਨੁੱਖ ਚੰਗਾ ਹੈ ਕਿਵੇਂ ਪੈਦਾ ਕੀਤਾ ਜਾਵੇ।

ਇਹ ਕੁਝ ਕੁ ਮਨੋਵਿਗਿਆਨ ਪਹਿਲੂ, ਜੋ ਮਾਂ ਪਿਉ ਅਤੇ ਅਧਿਆਪਕਾਂ ਨੂੰ ਸੁਚੇਤ ਕਰਦੇ ਹਨ ਕਿ ਉਹ ਬੱਚਿਆਂ ਨੂੰ ਕਿਸ ਭਾਵਨਾ ਨਾਲ ਸਮਝਣ ਅਤੇ ਉਨ੍ਹਾਂ ਨਾਲ ਪੇਸ਼ ਆਉਣ। ਬੱਚਿਆਂ ਨਾਲ ਪਿਆਰ ਕਰਨ ਦੀ ਗੱਲ, ਬੱਚਿਆਂ ਦੀ ਆਤਮਾ ਨੂੰ ਜਾਨਣ ਦੀ ਗੱਲ, ਉਨ੍ਹਾਂ ਦੀ ਬੌਧਿਕ ਘਾਲਣਾ ਨੂੰ ਸੌਖਾ ਬਨਾਉਣ ਦੀ ਗੱਲ, ਇਸ ਲਈ ਉਭਾਰਨ ਦੀ ਲੋੜ ਹੈ ਕਿ ਸਾਡਾ ਆਲਾ ਦੁਆਲਾ (ਘਰ ਅਤੇ ਸਕੂਲ-ਦੋਵੇਂ ਥਾਈਂ) ਉਸ ਤਰ੍ਹਾਂ ਦਾ ਸਾਵਾਂ ਨਹੀਂ ਹੈ, ਉਸ ਤਰ੍ਹਾਂ ਦਾ ਬਚਪਨ ਪ੍ਰਤੀ ਸਿਹਤਮੰਦ ਨਹੀਂ ਹੈ, ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅਨੁਸ਼ਾਸਨ ਵਿੱਚ ਅਤੇ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ, ਉਨ੍ਹਾਂ ਦੀਆਂ ਮਨੋਬਿਰਤੀਆਂ ਨੂੰ ਦਬਾਉਣ ਵਿਚ ਬਹੁਤ ਫ਼ਰਕ ਹੈ।

ਕਹਿ ਸਕਦੇ ਹਾਂ ਕਿ ਬੱਚਿਆਂ ਦੇ ਮਾਨਸਿਕ ਵਿਕਾਸ ਬਾਰੇ ਸਾਡੀ ਸਮਝ ਨਵੀਂ ਹੈ, ਪਰ ਚਾਰ-ਪੰਜ ਦਹਾਕੇ ਕੋਈ ਥੋੜਾ ਸਮਾਂ ਨਹੀਂ। ਫਿਰ ਜਦੋਂ ਅਸੀਂ ਆਪਣੇ ਆਪ ਨੂੰ ਨਵੀਂ ਖੋਜ਼ ਨਾਲ ਜੋੜਦੇ ਹੀ ਨਹੀਂ, ਤਾਂ ਆਪਣੇ ਮਨਾਂ ਵਿਚ ਵਸੀ ਉਹੀ ਤਸਵੀਰ ਹੀ ਅਸੀਂ ਦੁਹਰਾਉਂਦੇ ਹਾਂ। ਅਸੀਂ ਵੀ ਉਹੀ ਢੰਗ-ਤਰੀਕੇ ਅਪਣਾਉਂਦੇ ਹਾਂ ਜੋ ਸਾਡੇ ਤੇ ਵਰਤੇ ਗਏ ਸੀ। ਉਹੀ ਡੰਡਾ। ਉਹੀ ਸਜ਼ਾ ਦੇਣੀ। ਹੁਣ ਜੇ ਡੰਡਾ ਗਾਇਬ ਹੋ ਗਿਆ ਹੈ ਜਾਂ ਉਸ ਦੇ ਵਰਤੋਂ ਦੀ ਮਨਾਹੀ ਹੈ ਤਾਂ 'ਥੱਪੜ' ਤਾਂ ਹਰ ਵੇਲੇ ਸਾਡੇ ਨਾਲ ਹੁੰਦਾ ਹੀ ਹੈ। ਕਿਸੇ 'ਤੇ ਗੁੱਸਾ ਕੱਢਣ ਲਈ 'ਜੁਬਾਨ' ਦਾ ਇਸਤੇਮਾਲ, ਭਾਵੇਂ ਅਸੀਂ ਸਹਿਜੇ ਹੀ ਕਰ ਲੈਂਦੇ ਹਾਂ, ਪਰ ਇਹ ਡੰਡੇ ਦੀ ਮਾਰ ਤੋਂ ਵੀ ਕਿਤੇ ਵੱਧ ਘਾਤਕ ਸਿੱਧ ਹੁੰਦਾ ਹੈ।

ਬਹੁਤ ਘੱਟ ਅਜਿਹੇ ਅਧਿਆਪਕ ਹੋਣਗੇ ਜੋ ਇਸ ਦੇ ਉਲਟ ਸੋਚਣ ਕਿ ਸਾਨੂੰ ਕੁੱਟ ਕੁੱਟ ਕੇ, ਜਾਨਵਰਾਂ ਵਾਂਗ ਪੜ੍ਹਾਈ ਵੱਲ ਖਿੱਚਿਆ ਜਾਂਦਾ ਸੀ, ਅਸੀਂ ਇਹ ਢੰਗ ਨਹੀਂ ਅਪਨਾਉਣਾ। ਉਨ੍ਹਾਂ ਦੀ ਇਸ ਸੋਚ ਦਾ ਆਧਾਰ ਮੌਲਿਕ, ਨਿੱਜੀ ਹੁੰਦਾ ਹੈ। ਇਹ ਉਨ੍ਹਾਂ ਦੀ ਮਨ ਦੀ ਆਵਾਜ਼ ਹੁੰਦੀ ਹੈ। ਬਹੁਤੀ ਵਾਰ ਉਹ ਵਿਗਿਆਨਕ ਪਿਛੋਕੜ ਨਾਲ ਸਬੰਧਿਤ ਨਹੀਂ ਹੁੰਦਾ। ਜਿਨ੍ਹਾਂ ਨੂੰ ਆਪਣੀ


ਬੱਚੇ ਕਦੇ ਤੰਗ ਨਹੀਂ ਕਰਦੇ/ 11