ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਪਰ ਜ਼ਿੰਦਗੀ ਦੇ ਪੰਦਰਾਂ ਸੋਲਾਂ ਸਾਲਾਂ ਦੀ ਬੁਨਿਆਦ ਆਪਣੇ ਆਪ ਵਿਚ ਮਹੱਤਵਪੂਰਨ ਪਹਿਲੂ ਹੈ। ਬੱਚੇ ਦਾ ਮਾਨਸਿਕ ਵਿਕਾਸ ਇਕ ਅਹਿਮ ਹਿੱਸਾ ਹੈ ਜਿਸ ਨੇ ਉਸ ਦੇ ਆਉਣ ਵਾਲੇ ਸਮੇਂ ਦੀ ਚਾਲ ਨਿਰਧਾਰਤ ਕਰਨੀ ਹੈ। ਬਚਪਨ ਮਨੁੱਖ ਦੇ ਜੀਵਨ ਵਿਚ ਮਹੱਤਵਪੂਰਨ ਸਮਾਂ ਹੁੰਦਾ ਹੈ, ਕੇਵਲ ਭਵਿੱਖ ਲਈ ਤਿਆਰੀ ਹੀ ਨਹੀਂ। ਬਚਪਨ ਅਸਲੀ, ਸਪਸ਼ਟ, ਸੱਚਾ, ਦੁਹਰਾਇਆ ਨਾ ਜਾ ਸਕਣ ਵਾਲਾ ਜੀਵਨ ਹੈ ਅਤੇ ਉਦੋਂ ਕੀ ਵਾਪਰਿਆ, ਉਨ੍ਹਾਂ ਵਰ੍ਹਿਆਂ ਵਿੱਚ ਕਿਸ ਨੇ ਬੱਚੇ ਦੀ ਅਗਵਾਈ ਕੀਤੀ, ਆਲੇ ਦੁਆਲੇ ਦੇ ਸੰਸਾਰ ਵਿਚੋਂ ਉਹਦੇ ਦਿਲ ਅਤੇ ਦਿਮਾਗ ਵਿਚ ਕੀ ਦਾਖਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ। ਆਚਰਣ, ਸੋਚ ਦੇ ਅਮਲਾਂ ਅਤੇ ਬੋਲੀ ਦਾ ਬਣਨਾ ਸਕੂਲ ਤੋਂ ਪਹਿਲਾਂ ਅਤੇ ਮੁਢਲੇ ਸਕੂਲੀ ਵਰ੍ਹਿਆਂ ਵਿਚ ਅਮਲ ਵਿਚ ਆਉਂਦਾ ਹੈ। ਇਹ ਸੰਭਵ ਹੈ ਕਿ ਬੱਚੇ ਦੇ ਦਿਲ ਅਤੇ ਮਨ ਵਿਚ ਪਾਠ-ਪੁਸਤਕਾਂ ਅਤੇ ਸਬਕਾਂ ਰਾਹੀਂ ਜੋ ਕੁਝ ਦਾਖਲ ਹੁੰਦਾ ਹੈ, ਕੇਵਲ ਆਲੇ ਦੁਆਲੇ ਦੇ ਸੰਸਾਰ ਕਾਰਨ ਦਾਖਲ ਹੁੰਦਾ ਹੈ, ਜਿਸਦੀ ਪਾਠ-ਪੁਸਤਕਾਂ ਦੇ ਨਾਲ ਹੋਂਦ ਹੈ- ਆਲੇ ਦੁਆਲੇ ਦਾ ਸੰਸਾਰ ਜਿਸ ਵਿੱਚ ਬੱਚੇ ਨੇ ਆਪਣੇ ਜਨਮ ਦੀ ਘੜੀ ਤੋਂ ਉਸ ਸਮੇਂ ਤੱਕ ਦੇ ਸਾਰੇ ਔਖੇ ਕਦਮ ਚੁੱਕੇ, ਜਦੋਂ ਉਹ ਕਿਤਾਬ ਖੋਲ੍ਹ ਅਤੇ ਉਸਨੂੰ ਪੜ੍ਹ ਸਕਿਆ।

ਹੁਣ ਨਿਰਭਰ ਇਹ ਕਰਦਾ ਹੈ ਕਿ ਅਸੀਂ ਕਿਵੇਂ ਇਸ ਸਥਿਤੀ ਨਾਲ ਨਜਿੱਠਦੇ ਹਾਂ। ਬੀਮਾਰ ਹੋਏ ਨੂੰ ਅੱਜ ਨਜਿੱਠੀਏ ਜਾਂ ਉਸ ਵਰਤਾਰੇ ਨੂੰ ਸਮਝੀਏ ਤੇ ਪਹਿਲਾਂ ਹੀ ਕੁਝ ਕਾਰਗਰ ਕਦਮ ਪੁੱਟੀਏ ਕਿ ਬੀਮਾਰੀ ਹੀ ਨਾ ਹੋਵੇ। ਮਤਲਬ ਇਹ ਕਿ ਤਦ ਤੱਕ ਦੇਖਦੇ ਰਹੀਏ ਕਿ ਬੀਮਾਰੀ ਹੋਵੇ ਤਾਂ ਹਰਕਤ ਵਿਚ ਆਈਏ ਜਾਂ ਉਸ ਵਿਗਿਆਨਕ ਖੋਜ਼ ਦਾ ਫਾਇਦਾ ਲੈ ਕੇ ਪਹਿਲਾਂ ਹੀ ਤਿਆਰੀ ਕੱਸੀਏ।

ਨਸ਼ਿਆਂ ਅਤੇ ਨੌਜਵਾਨਾਂ ਦੀ ਗੱਲ ਨਾਲ, ਇੱਕ ਗੱਲ ਇਹ ਵੀ ਬੜੇ ਜ਼ੋਰਦਾਰ ਢੰਗ ਨਾਲ ਕਹੀ ਜਾਂਦੀ ਹੈ ਕਿ ਅੱਜ ਕੱਲ ਦੇਸ਼ਾਂ ਦੀਆਂ ਲੜਾਈਆਂ ਬਾਰਡਰ ਤੇ ਨਹੀਂ ਰਹੀਆਂ। ਉਹ ਹੁਣ ਨਸ਼ਿਆਂ ਰਾਹੀਂ, ਨੌਜਵਾਨਾਂ ਨੂੰ ਇਸ ਰਾਹ ਲਗਾ ਕੇ, ਦੇਸ਼ ਦੀ ਨੌਜਵਾਨੀ ਨੂੰ (ਸਭ ਤੋਂ ਵੱਧ ਸਮਰਥ, ਸਿਹਤਮੰਦ, ਕਾਰਜਸ਼ੀਲ ਤਾਕਤ) ਬਰਬਾਦ ਕਰਨ ਦਾ ਯਤਨ ਕਰਦੀਆਂ ਹਨ। ਇਸ ਨੂੰ 'ਮਨੋਵਿਗਿਆਨਕ ਜੰਗ' ਦਾ ਨਾਂ ਦਿੱਤਾ ਗਿਆ ਹੈ। ਸਾਡੇ ਕੋਲ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਉਦਾਹਰਨ ਹਨ ਜੋ ਸਾਡੇ ਨਾਲ ਲਗਦੇ ਹਨ। ਗੱਲ ਵਿਚ ਦਮ ਹੈ। ਇਸ ਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ-ਪਰੰਤੂ ਨਹੀਂ ਹੈ। ਗੱਲ ਵਿੱਚ ਆਧਾਰ ਹੈ, ਦਲੀਲ ਹੈ। ਪਰ ਇੱਥੇ ਇਹ ਗੱਲ ਚੇਤੇ ਰਖਣੀ ਚਾਹੀਦੀ ਹੈ ਕਿ ਕੋਈ ਵੀ ਦੁਸ਼ਮਣ ਪੜੋਸੀ ਤੁਹਾਡੇ ਘਰ ਵਿੱਚ ਉਦੋਂ ਤਕ ਕੋਈ ਸੇਂਧ ਨਹੀਂ ਲਾ ਸਕਦਾ, ਜਦੋਂ ਤਕ ਤੁਹਾਡੇ ਆਪਣੇ ਘਰ ਵਿਚ ਕੋਈ ਕਮਜੋਰੀ ਨਾ ਹੋਵੇ। ਅਸੀਂ ਇੱਥੇ ਆਪਣੇ ਘਰ ਦੀਆਂ ਕਮਜੋਰੀਆਂ ਤੇ ਪਰਦਾ ਨਹੀਂ ਪਾ ਸਕਦੇ, ਜੋ ਸਾਡੇ ਨੌਜਵਾਨਾਂ ਨੂੰ ਇਸ ਹਾਲਤ ਲਈ ਤਿਆਰ ਕਰਦੀਆਂ ਹਨ। ਸਾਨੂੰ ਉਨ੍ਹਾਂ ਪਹਿਲੂਆਂ ਦੀ ਨਿਸ਼ਾਨਦੇਹੀ ਕਰਨੀ ਹੀ ਪਵੇਗੀ।

ਗੱਲ ਇਹ ਹੈ ਕਿ ਨਸ਼ੇ ਸਿਰਫ ਇੱਕ ਪਹਿਲੂ ਹੈ ਨੌਜਵਾਨਾਂ ਦੀ ਸਮੱਸਿਆ ਨੂੰ ਸਮਝਣ ਦਾ। ਇਸ ਉਮਰ ਦੇ ਹੋਰ ਪੱਖਾਂ ਨੂੰ ਸਮਝੀਏ ਤਾਂ ਪਤਾ ਚੱਲੇਗਾ ਕਿ ਜੋ ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਕੁਲ ਐੱਚ. ਆਈ. ਵੀ. ਪੀੜਤ ਲੋਕਾਂ ਦੀ ਗਿਣਤੀ ਵਿੱਚੋਂ, ਨੌਜਵਾਨਾਂ ਦੇ ਪੀੜਤ ਹੋਣ ਦੀ ਦਰ ਲਗਭਗ ਅੱਧੀ ਹੈ। ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਉਣ ਵਾਲੇ ਜਿਆਦਾਤਰ ਮਰੀਜ ਵੀ ਇਸੇ ਉਮਰ ਦੇ ਹੁੰਦੇ ਹਨ। ਮੇਰਾ ਕਹਿਣ ਤੋਂ ਭਾਵ ਹੈ ਇਸ ਵਰਤਾਰੇ ਨੂੰ ਹੋਰ ਵਿਆਪਕ ਅਤੇ ਡੂੰਘੇ


ਬੱਚੇ ਕਦੇ ਤੰਗ ਨਹੀਂਕਰਦੇ/14