ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਕੁ ਗੱਲਾਂ

ਮਨੋ-ਵਿਗਿਆਨ ਰਾਹੀਂ ਬਾਲਾਂ ਦੇ ਮਨਾਂ ਦੀ ਥਾਹ ਪਾਉਣ ਵਾਲੇ ਮਨੋ-ਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚੇ ਮਾਹੌਲ ਤੋਂ ਬਹੁਤ ਕੁਝ ਸਿਖਦੇ ਹਨ। ਮਾਪੇ ਆਪਣੇ ਬਾਲਾਂ ਦੀ ਖੁਸ਼ੀ ਤਾਂ ਚਾਹੁੰਦੇ ਹਨ ਪ੍ਰੰਤੂ ਆਪਣੀ ਇੱਛਾ ਨੂੰ ਮੁੱਖ ਰੱਖਦੇ ਹਨ। ਇਹ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬੱਚੇ ਮਾਪਿਆਂ ਦੀ ਇੱਛਾ ਦੇ ਖਿਲਾਫ ਆਪਣੇ ਮਨਾਂ 'ਚ ਰੋਸ ਪਾਲ ਲੈਂਦੇ ਹਨ। ਜਿਹੜਾ ਜਵਾਨੀ 'ਚ ਜਾ ਕੇ ਮੁਸ਼ਕਿਲਾਂ ਦਾ ਸਬੱਬ ਬਣਦਾ ਹੈ।

ਡਾ. ਸ਼ਿਆਮ ਸੁੰਦਰ ਦੀਪਤੀ ਦੁਆਰਾ ਲਿਖੀ ਗਈ ਇਹ ਮਹੱਤਵਪੂਰਨ ਪੁਸਤਕ ਬੱਚਿਆਂ ਦੇ ਵਿਵਹਾਰ ਨੂੰ ਸਮਝਣ ਲਈ ਦਿਸ਼ਾ ਨਿਰਦੇਸ਼ ਤਹਿ ਕਰਦੀ ਹੈ। ਇਸ ਪੁਸਤਕ ਦਾ ਸਬੱਬ ਅਧਿਆਪਕਾਂ ਦੀ ਇੱਕ-ਦੋ ਰੋਜ਼ਾ ਵਰਕਸ਼ਾਪ ਵਿੱਚ ਚਰਚੇ 'ਚ ਰਹੇ ਕੇਂਦਰੀ ਨੁਕਤੇ ਦਾ ਸਾਰ ਤੱਤ ਹੈ। ਬਾਲ ਮਨਾਂ ਨੂੰ ਜਾਨਣ ਲਈ ਇਸ ਪੁਸਤਕ ’ਚ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ। ਜਿਹੜੇ ਮਨੋ-ਵਿਗਿਆਨ ਦੇ ਪੱਖ ਤੋਂ ਪਾਠਕਾਂ ਲਈ ਜਾਨਣੇ ਜਰੂਰੀ ਹਨ। ਹਰੇਕ ਜਗਿਆਸੂ ਪਾਠਕ ਲਈ ਬਾਲਾਂ ਦੇ ਸੁਪਨਿਆਂ ਤੇ ਇਛਾਵਾਂ ਨੂੰ ਸਮਝਣ ਲਈ ਇਸ ਪੁਸਤਕ 'ਚੋਂ ਸੇਧ ਲੈ ਸਕਦਾ ਹੈ।

ਇਸ ਪੁਸਤਕ ਦੀ ਪਹਿਲੀ ਪ੍ਰਕਾਸ਼ਨਾ ਪ੍ਰੇਰਨਾ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤੀ ਗਈ ਸੀ। ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਪ੍ਰਕਾਸ਼ਨ ਵੱਲੋਂ ਇਸ ਦਾ ਤੀਸਰਾ ਐਡੀਸ਼ਨ ਛਾਪਦਿਆਂ ਅਸੀਂ ਖੁਸ਼ੀ ਮਹਿਸੂਸ ਕਰਦੇ ਹੋਏ ਆਸ ਕਰਦੇ ਹਾਂ ਕਿ ਹੁਣ ਇਹ ਪੁਸਤਕ ਤਰਕਸ਼ੀਲ ਵੈਨ ਦੇ ਸਫਰ ਨਾਲ ਸਮਾਜ ਦੇ ਸਭਨਾਂ ਵਰਗਾਂ ਦੇ ਪਾਠਕਾਂ ਤੱਕ ਪੁੱਜੇਗੀ। ਵਿਗਿਆਨ, ਮਨੋ-ਵਿਗਿਆਨ ਤੇ ਗਿਆਨ ਰਾਹੀਂ ਲੋਕ ਮਨਾਂ ਨੂੰ ਰੁਸ਼ਨਾ ਕੇ ਤਰਕਸ਼ੀਲ ਦ੍ਰਿਸ਼ਟੀਕੋਣ ਦਾ ਪਾਸਾਰ ਕਰਨਾ ਸਾਡਾ ਉਦੇਸ਼ ਹੈ। ਇਸੇ ਉਦੇਸ਼ ਦੀ ਪੂਰਤੀ ਹਿੱਤ ਇਸ ਮੁੱਲਵਾਨ ਪੁਸਤਕ ਨੂੰ ਪਾਠਕਾਂ ਦੀ ਕਚਿਹਰੀ 'ਚ ਪੇਸ਼ ਕਰ ਰਹੇ ਹਾਂ।

ਤੁਹਾਡੇ ਹੁੰਗਾਰੇ ਦੀ ਆਸ 'ਚ


ਭੂਰਾ ਸਿੰਘ, ਮਹਿਮਾ ਸਰਜਾ

ਮੁਖੀ ਸਾਹਿਤ ਵਿਭਾਗ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.)

5 ਜੂਨ 2014