ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਆਦਾ ਪਸੰਦ ਕਰਦੇ ਹਨ। ਮਨੋਵਿਗਿਆਨ ਦੇ ਮਾਹਿਰਾਂ ਨੇ, ਸਕੂਲੀ ਵਿਦਿਆ ਅਤੇ ਬੱਚਿਆਂ ਦੀ ਮਾਨਸਿਕਤਾ ਨੂੰ ਲੈ ਕੇ ਕਈ ਨਵੇਂ ਪਹਿਲੂ ਉਜਾਗਰ ਕੀਤੇ ਹਨ, ਪਰ ਅਸੀਂ ਉਨ੍ਹਾਂ ਖੋਜ਼ਾਂ-ਤੱਥਾਂ ਨੂੰ ਆਪਣੀ ਕਾਰਗੁਜਾਰੀ ਵਿਚ ਸ਼ਾਮਿਲ ਨਹੀਂ ਕੀਤਾ।

ਇਸੇ ਤਰ੍ਹਾਂ ਦੀ ਖੋਜ਼ ਦੇ ਇਕ ਤੱਥ ਨਾਲ ਗੱਲ ਸਪਸ਼ਟ ਹੋ ਜਾਵੇਗੀ। ਇਹ ਇਕ ਮਨੋਵਿਗਿਆਨਕ ਪਹਿਲੂ ਹੈ ਕਿ ਅਧਿਆਪਕ ਨੂੰ ਆਪ ਬੱਚਾ ਬਣਨ ਦਾ ਯਤਨ ਕਰਨਾ ਚਾਹੀਦਾ ਹੈ, ਇਸ ਨਾਲ ਬੱਚੇ ਅਧਿਆਪਕ ਨੂੰ ਇਕ ‘ਪਹਿਰੇਦਾਰ' ਵਜੋਂ ਸਮਝਣਾ ਤਿਆਗ ਦੇਣਗੇ। ਅਸੀਂ ਆਪਣੇ ਆਲੇ ਦੁਆਲੇ ਖੁਦ ਝਾਤੀ ਮਾਰ ਸਕਦੇ ਹਾਂ ਕਿ ਅਧਿਆਪਕ ਕਿਵੇਂ ਇਕ ‘ਹੁਕਮਰਾਨ’ ਦੀ ਤਰ੍ਹਾਂ ਕੰਮ ਕਰਦੇ ਹਨ। ਬੱਚੇ ਉਨ੍ਹਾਂ ਨੂੰ ਦੇਖਕੇ ਡਰ ਜਾਂਦੇ ਹਨ, ਲੁੱਕ ਜਾਂਦੇ ਹਨ। ਤੇ ਇਕ ਤੱਥ ਇਹ ਕਿ ਵਿਦਿਆ-ਵਿਗਿਆਨਕ ਢੰਗ ਦਾ ਤੱਤ ਹਰ ਬੱਚੇ ਵਿਚ ਵਿਅਕਤੀ ਦੇਖਣਾ ਹੈ ਅਤੇ ਜਿਹੜੇ ਬੱਚਿਆਂ ਨੂੰ ਵਿਦਿਆ ਦੇਣਾ ਅਤੇ ਪਾਲਣਾ ਚਾਹੁੰਦੇ ਹਨ, ਇਹ ਗੱਲ ਉਨ੍ਹਾਂ ਲਈ ਲਾਜਮੀ ਹੈ। ਇਥੇ ਵਿਅਕਤੀ ਦੇਖਣਾ ਤੋਂ ਭਾਵ ਹੈ ਉਸ ਵਿਚ ਉਮਰ ਮੁਤਾਬਕ ਪੂਰਨਤਾ ਦੇਖਣਾ। ਉਸ ਨੂੰ ਉਸ ਦੇ ਛੋਟੇ ਹੋਣ ਦਾ (ਆਮ ਤੌਰ 'ਤੇ ਬੱਚੇ ਹੋਣ ਦਾ) ਅਹਿਸਾਸ ਨਾ ਕਰਵਾਉਣਾ। ਇਹੀ ਗੱਲ ਹੈ ਕਿ ਅਧਿਆਪਕ ਨੂੰ ਜਾਂ ਮਾਂ ਪਿਉ ਨੂੰ ਵੀ, ਬੱਚੇ ਦੇ ਬਰਾਬਰ ਆ ਕੇ, ਬੱਚੇ ਨਾਲ ਬੱਚਾ ਹੋ ਕੇ ਕਾਰਜਸ਼ੀਲ ਹੋਣਾ ਚਾਹੀਦਾ ਹੈ। ਨਿਸ਼ਚਿਤ ਹੀ, ਇਹ ਕਾਰਜ ਬੱਚੇ ਨਹੀਂ ਕਰ ਸਕਦੇ ਕਿ ਜੇ ਕੋਈ ਸੋਚੇ ਕਿ ਬੱਚੇ ਵੱਡਿਆਂ ਦੇ ਬਰਾਬਰ ਆ ਕੇ ਵਰਤਾਵ ਕਰਨ। ਉਨ੍ਹਾਂ ਦੀਆਂ ਗੱਲਾਂ-ਬਾਤਾਂ ਸਮਝਣ ਦੇ ਸਮਰਥ ਹੋਣ ਜਾਂ ਆਪਣੇ ਆਪ ਨੂੰ ਵੱਡਿਆਂ ਦੇ ਹਾਣ ਦਾ ਬਨਾਉਣ।

ਇਸ ਤਰ੍ਹਾਂ ਦੇ ਹੋਰ ਨਵੇਂ ਤੱਥ, ਲਗਾਤਾਰ ਸਾਡੀ ਸਮਝ ਦਾ ਹਿੱਸਾ ਬਣਨੇ ਚਾਹੀਦੇ ਹਨ। ਸਾਨੂੰ ਖੁਦ ਵੀ ਇਸ ਦਿਸ਼ਾ ਵਿਚ ਕਾਰਜ ਕਰਨੇ ਚਾਹੀਦੇ ਹਨ। ਅਸੀਂ ਅਧਿਆਪਕ ਦੇ ਤੌਰ ਤੇ, ਸਾਲ ਦਰ ਸਾਲ ਬੱਚਿਆਂ ਵਿਚ ਵਿਚਰਦੇ ਹੋਏ, ਉਨ੍ਹਾਂ ਦੇ ਮਨੋਭਾਵਾਂ ਨੂੰ ਪੜ੍ਹੀਏ, ਉਨ੍ਹਾਂ ਵਿਚ ਆ ਰਹੇ ਬਦਲਾਵਾਂ ਨੂੰ ਸਮਝੀਏ ਤੇ ਵਿਸ਼ਲੇਸ਼ਿਤ ਕਰੀਏ। ਉਨ੍ਹਾਂ ਬਦਲਾਵਾਂ ਨੂੰ ਬਦਲ ਰਹੇ ਆਲੇ-ਦੁਆਲੇ ਨਾਲ, ਨਵੇਂ ਵਰਤਾਰਿਆਂ ਨਾਲ ਜੋੜ ਕੇ ਦੇਖੀਏ ਤੇ ਕੁਝ ਨਵੇਂ ਸਿੱਟੇ ਕਢੀਏ। ਇਹ ਸਭ ਸੰਭਵ ਹੈ। ਇਸੇ ਤਰ੍ਹਾਂ ਹੀ ਮਨੁੱਖ ਨੇ ਸ਼ੁਰੂ ਤੋਂ ਸਿਖਿਆ ਹੈ ਤੇ ਲਗਾਤਾਰ ਆਪਣੇ ਆਪ ਨੂੰ ਵਿਗਿਆਨਕ ਨਜ਼ਰੀਏ ਨਾਲ ਜੋੜ ਕੇ ਰਖਿਆ ਹੈ।

ਅਸੀਂ ਬੱਚਿਆਂ ਦੇ ਵਿਵਹਾਰ ਤੋਂ ਤੰਗ ਆ ਕੇ ਇਹ ਨਾ ਕਹੀਏ ਕਿ ਤੁਸੀਂ ਤੰਗ ਕਰ ਦਿੱਤਾ। ਅਸੀਂ ਆਪਣਾ ਅਮਨ ਚੈਨ ਗਾਲ ਲਿਆ, ਤੁਹਾਡੇ ਲਈ। ਆਰਾਮ ਨਾਲ ਬੈਠ ਕੇ ਸੋਚੀਏ ਕਿ ਕਿਤੇ ਅਸੀਂ ਕਿਸੇ ਹੋਰ ਕਾਰਨ ਤੋਂ ਤਾਂ ਤੰਗ ਨਹੀਂ। ਆਪਾਂ ਖੁਦ ਵੀ ਇਕ ਵਧੀਆ ਜ਼ਿੰਦਗੀ ਜੀਵੀਏ ਅਤੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਉਮਰ ਦੇ ਮੁਤਾਬਕ ਸਹਿਜਤਾ ਵਿਚ ਜੀਣ ਦੇਈਏ। ਜੇਕਰ ਅਸੀਂ ਉਸ ਸਥਿਤੀ ਦਾ ਇਲਜਾਮ ਆਪਣੇ ਨਾਜ਼ੁਕ, ਮਾਸੂਮ, ਅਬੋਧ ਬੱਚਿਆਂ ਸਿਰ ਮੜਾਂਗੇ ਤਾਂ ਯਕੀਨਨ ਅਸੀਂ ਉਨ੍ਹਾਂ ਦੇ ਵਿਸ਼ਵਾਸ ਨੂੰ ਨਹੀਂ ਜਿੱਤ ਸਕਾਂਗੇ।

ਡਾ. ਸ਼ਿਆਮ ਸੁੰਦਰ ਦੀਪਤੀ