ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

4 ਭਰਥਰੀ ਹਰੀ ਜੀਵਨ

ਕੀਤਾ ਕਿ ਮੇਰੀ ਪ੍ਰਿਯਾ ਰਾਣੀ ਨੂੰ ਬੁਢੇਪਾ ਤੇ ਮੌਤ ਮੇਰੇ ਦੇਖਦੇ ਨਾ ਆਵੇ, ਉਸਨੇ ਇਹ ਫਲ ਰਾਣੀ ਨੂੰ ਦਿੱਤਾ। ਰਾਣੀ ਦਾ ਕਿਸੇ ਹੋਰ ਨਾਲ ਪਿਆਰ ਸੀ—ਕਦੇ ਆਖਦੇ ਹਨ ਕੁਤਵਾਲ ਨਾਲ ਤੇ ਕਦੇ ਮਹਾਵਤ ਨਾਲ— ਸੋ ਰਾਣੀ ਨੇ ਫਲ ਆਪਣੇ ਪਿਆਰੇ ਨੂੰ ਦਿੱਤਾ ਕਿ ਉਹ ਅਮਰ ਹੋ ਜਾਵੇ। ਇਸ ਪਿਆਰੇ ਦਾ ਪਿਆਰ ਇਕ ਹੋਰ ਇਸਤ੍ਰੀ ਨਾਲ ਬੀ ਸੀ, ਉਸ ਨੇ ਇਹ ਫਲ ਅਪਣੀ ਪਿਆਰੀ ਨੂੰ ਦਿਤਾ। ਇਸ ਇਸਤ੍ਰੀ ਦਾ ਰਾਜੇ ਨਾਲ ਪਿਆਰ ਸੀ, ਇਸ ਨੇ ਪਿਆਰੀ ਸ਼ੈ ਜਾਣਕੇ ਰਾਜੇ ਨੂੰ ਦਿੱਤੀ, ਜਿਸ ਤੋਂ ਰਾਜੇ ਨੂੰ ਅਸਚਰਜ ਹੋਇਆ ਤੇ ਪੜਤਾਲ ਕੀਤੀ, ਤਾਂ ਪਤਾ ਲੱਗਾ ਕਿ ਇਹ ਓਹੋ ਸੋਮ ਬ੍ਰਾਹਮਣ ਵਾਲਾ ਫਲ ਹੈ ਤੇ ਕੀਕੂੰ ਮੋਹ ਦੀ ਤਾਰ ਵਿਚ ਪ੍ਰੋਤਾ ਇਕ ਚੱਕ੍ਰ ਲਾਕੇ ਮੁੜ ਰਾਜਾ ਪਾਸ ਹੀ ਆ ਗਿਆ ਹੈ।

ਰਾਣੀ ਦੇ ਪਿਆਰ ਵਿਚ ਕਸਰ ਵੇਖਕੇ ਰਾਜੇ ਨੂੰ ਵੈਰਾਗ ਹੋ ਗਿਆ, ਤੇ ਉਹ ਆਪਣਾ ਰਾਜ ਭਾਗ ਆਪਣੇ ਭਰਾ ਵਿੱਕ੍ਰਮਾਦਿੱਤ ਨੂੰ ਦੇਕੇ ਇਕ ਗੁਫ਼ਾ ਵਿਚ ਜਾ ਰਿਹਾ, ਜੋ ਹੁਣ ਤੱਕ ਉੱਜੈਨ ਦੇ ਲਾਗੇ ਦੱਸੀਦੀ ਹੈ, ਫੇਰ ਬਨਾਰਸ ਜਾ ਰਿਹਾ ਏਥੇ ਬੀ ਇਨ੍ਹਾਂ ਦੇ ਨਾਮ ਦਾ ਟਿਕਾਣਾ ਹੈ। ਤੇ ਫੇਰ ਹਰੀਦ੍ਵਾਰ ਆਦਿਕ ਸਾਰੇ ਦੇਸ਼ ਘੁੰਮਦਾ ਰਿਹਾ ਤੇ ਅੰਤ ਸੰਸਾਰ ਤੋਂ ਟੁਰ ਗਿਆ।


੧. ਦੇਖੋ ‘ਟਾਨੀ` ਦਾ ਦੀਬਾਚਾ

੨. ਪ੍ਰੋਫੈਸਰ ਲੇਸਨ।

੩. ਸਾਨੂੰ ਖਬਰ ਮਿਲੀ ਹੈ ਕਿ ਬਨਾਰਸ ਲਾਗੇ ਜ਼ਿਲਾ ਮਿਰਜ਼ਾਪੁਰ ਵਿਚ ਜੋ ਚੁਨਾਰ ਤੇ ਭਰਥਰੀ ਦੇ ਰਹਿਣ ਦਾ ਟਿਕਾਣਾ ਦੱਸੀਦਾ ਹੈ ਓਥੇ ਭਰਥਰੀ ਦੀ ਸਮਾਧ ਬੀ ਹੈ ਤੇ ਮੇਲਾ ਬੀ ਲਗਦਾ ਹੈ। ਏਸ਼ੀਆ-ਟਿਕ ਰੀਸਰਚ ੯,੧੫੨ ਤੇ ਲਿਖਿਆ ਹੈ ਕਿ ਭਰਥਰੀ ‘ਚੁਨਾਰ` ਕੁਛ ਚਿਰ ਰਿਹਾ ਹੈ, ਇਹ ਪਰਗਣਾ ਉਸਨੂੰ ਉਸਦੇ ਭਰਾ ਨੇ ਦਿੱਤਾ ਸੀ, ਜਿਸ ਦਾ ਨਾਮ ਹੁਣ ਤੱਕ ਭਰਥਰੀ ਤੇ ਭਿੱਤ੍ਰੀ ਪੈਂਦਾ ਹੈ। ਇੱਥੇ ਭਰਥਰੀ ਨੇ ਇਕ ਟਿੱਬਾ ਬਨਵਾਇਆ, ਜੋ ਬੁਰਨਾਂ ਨਦੀ ਦੇ ਉੱਤਰ ਨੂੰ ਹੈ, ਜਿਥੇ ਆਪ ਰਹਿੰਦੇ ਸਨ, ਲਾਗੇ ਇਕ ਪਿੰਡ ਹੈ, ਜਿਸ ਨੂੰ ਪਹਾੜ ਪੁਰ ਕਹਿੰਦੇ ਹਨ।

੪. ਮੂੰਹ ਕਥਾ।