ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਚ ਕੇ ਉਸ ਆਪਣੀ ਕਰੜ ਬਰੜੀ ਦਾੜ੍ਹੀ ਉਤੋਂ ਚੋਏ ਹੋਏ ਪਰਸੀਨੇ ਦੀਆਂ ਬੂੰਦਾਂ ਪੂੰਝੀਆਂ। ਓਹਦੇ ਮੱਥੇ ਵਿਚ ਅਣਗਿਣਤ ਝੁਰੜੀਆਂ ਉਘੜੀਆਂ ਹੋਈਆਂ ਸਨ।

"ਓਹੋ" ਓਸ ਮਥਾ ਤਾਣ ਕੇ ਸਾਰੀਆਂ ਲੀਕਾਂ ਖੋਲ੍ਹ ਘੱਤੀਆਂ, ਨਾਲੇ ਹਥਲਾ ਕਾਸਾ ਮੂਧਾ ਕਰ ਕੇ ਆਂਹਦਾ "ਸਾਈਂ ਲੋਕ ਅਜ ਕਿਤਿਓਂ ਵੀ ਖੈਰ ਨਹੀਂ ਪਈ", ਮੈਂ ਹਸ ਪਿਆ, ਹੋਰ ਹਸਿਆ, ਫੇਰ ਹਸਿਆ, ਮੰਗਤਾ ਹਰਿਆਨ ਸੀ ਕਿ ਮੈਨੂੰ ਕੀ ਹੋ ਗਿਆ ਸੀ। ਓਸ ਝਕਦੇ ਨੇ ਪੁਛਿਆ “ਤੁਸੀਂ ਕਿਉਂ ਹਸਦੇ ਹੋ?"

"“ਕਾਸ਼ ਕਦੇ ਤੂੰ ਮੇਰੇ ਕਾਸੇ ਨੂੰ ਵੇਖ ਸਕਦੋਂ" ਮੈਂ ਆਖਿਆ। ਉਹ ਬਿਨਾਂ ਹੋਰ ਗਲ ਕੀਤਿਆਂ ਚੁਪ ਚਾਪ ਵਗਦਾ ਹੋਇਆ। ਖਬਰੇ ਓਹਦੇ ਲਈ ਮੇਰੇ ਬੋਲ ਅਣਸਮਝੇ ਹੀ ਰਹਿ ਗਏ ਸਨ।

ਮੈਨੂੰ ਭੌਂਦੇ ਭੌਂਦੇ ਨੂੰ ਤ੍ਰਿਕਾਲਾਂ ਪੈ ਚੁਕੀਆਂ ਸਨ। ਦਿਲ ਦੀ ਅਵਸਥਾ ਓਦੂੰ ਵੀ ਬੇਕਰਾਰ ਸੀ। ਹੁਣ ਕਿਧਰ ਜਾਵਾਂ, ਕਿਥੇ ਬ੍ਹਵਾਂ? ਓੜਕ ਬੇ-ਮੁਹਾਰਾ ਜਿਹਾ ਟੂਰ ਪਿਆ। ਨਾ ਕੋਈ ਰਾਹ ਫੜਿਆ, ਨਾ ਕੋਈ ਡੰਡੀ, ਨਾ ਕੋਈ ਮੇਰਾ ਸਾਥੀ ਸੀ।

ਸੂਰਜ ਅਸਤ ਹੋ ਰਿਹਾ ਸੀ। ਆਥਣ ਦੇ ਉਦਾਸ ਪਰਛਾਵੇਂ ਲਮੇਰੇ ਹੁੰਦੇ ਹੁੰਦੇ ਘੁਸਮੁਸੇ ਵਿਚ ਅਲੋਪ ਹੁੰਦੇ ਜਾਂਦੇ ਸਨ। ਮੈਂ ਦੂਰ ਦਿਸਦੇ ਬੋਹੜਾਂ ਤੋਂ ਅਗੇ ਲੰਘ ਚੁੱਕਾ ਸਾਂ। ਹੋਰ ਅਗੇ, ਚਰ੍ਹੀਆਂ, ਧਾਨਾਂ ਤੇ ਸਜ ਉਗੀਆਂ ਮਕੀਆਂ ਦੀਆਂ ਪੈਲੀਆਂ ਤੋਂ ਅਗੇ।

ਪਹਿਲਾ ਤਾਰਾ ਅਕਾਸ਼ ਉਤੇ ਟਿਮਟਿਮਾ ਪਿਆ। ਮੈਂ ਖੇਤ ਦੀ ਵਟ ਉਤੇ ਬਹਿ ਕੇ ਉਹਨੂੰ ਵਿੰਹਦਾ ਰਿਹਾ। — ਆਪਣੀ ਆਸ਼ਾ ਦੇ ਤਾਰੇ ਨੂੰ। ਜੇ ਉਹ ਮੈਨੂੰ ਪਹਿਲਾਂ ਹੀ ਗਗਨਾਂ ਵਿਚ ਲਿਸ਼ਕਦਿਆਂ ਦਿੱਸ ਪੈਂਦਾ

ਤਾਂ ਮੈਂ ਏਨਾ ਕਾਹਨੂੰ ਭਟਕਦਾ।

167