ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਪਾਰਲਾ ਪਾਸਾ ਉਮਰਾ ਮੁਹਾਣਾ ਨਿਤ ਸੁਵਖਤੇ ਹੀ ਬੇੜੀ ਖੇਣ ਲਈ ਪੱਤਣ ਤੇ ਚਲਾ ਜਾਂਦਾ। ਉਹਦੀ ਚੰਚਲ ਨੈਣ, ਇਕਲਾਪੀ ਧੀ ਮਰੀਨਾਂ ਉਹਦੇ ਨਾਲ ਹੁੰਦੀ ਸੀ। ਉਹ ਮਸੂਮ ਜਿਹੀ ਵਰੇਸ ਦੀ ਕਲੀ ਕਿਸੇ ਵੀ ਅੱਖ ਦੀ ਸ਼ਿਸਤ ਬਣੇ ਬਿਨਾਂ ਨਹੀਂ ਸੀ ਰਹਿੰਦੀ।

ਜਦੋਂ ਸੂਰਜ ਚੜ੍ਹਦਾ ਨਦੀ ਦੇ ਪਾਣੀ ਨੂੰ ਕਿਰਮਚੀ ਬਣਾਉਂਦਾ, ਤਾਂ ਸੂਹੇ ਥਰਕਦੇ ਪਾਣੀ ਦਾ ਅਕਸ ਕੰਢੇ ਉਤੇ ਖਲੋਤੀ ਮਰੀਨਾਂ ਦੇ ਮੂੰਹ ਤੇ ਫੁਹਾਰਿਆ ਜਾਂਦਾ। ਕੋਲ ਖਲੋਤਾ ਉਮਰਾ ਬੱਚੀ ਦੇ ਮੂੰਹ ਉਤੋਂ ਆਪਣੀ ਬੀਤੀ ਜ਼ਿੰਦਗੀ ਦੇ ਦਿਹਾੜੇ ਇਕ ਪੁਸਤਕ ਵਾਂਗ ਪੜ੍ਹਦਾ।

ਮਰੀਨਾਂ ਨਿੱਕੀ ਹੁੰਦੀ ਦੀ ਮਾਂ ਮਰ ਗਈ ਸੀ। ਉਮਰੇ ਨੇ ਪਤਨੀ ਦੀ ਯਾਦ ਦੇ ਹੰਝੂ ਸਿੰਜ ਸਿੰਜ ਕੇ ਏਸ ਪੰਖੜੀ ਨੂੰ ਪਾਲਿਆ ਸੀ। ਮਰੀਨਾਂ ਆਪਣੇ ਪਿਓ ਕੋਲੋਂ ਕਈ ਵਾਰ ਪੁਛਦੀ ਹੁੰਦੀ ਸੀ।

"ਅੱਬਾ ਮਾਂ ਕਿੱਥੇ ਟੁਰ ਗਈ ਏ?"

"ਪਾਰ" ਉਮਰਾ ਉਚਾਰ ਖਲੋਤਾ ਪਾਰਲੇ ਕੰਢੇ ਵਲ ਉਂਗਲ ਕਰਦਾ।

3