ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਗਈ, ਛੱਲਾਂ ਨੇ ਡੰਡ ਪਾ ਦਿੱਤੀ, ਬੇੜੀ ਦੇ ਬਾਦਬਾਨ ਪਾਟ ਗਏ, ਹਨੇਰਾ ਹੀ ਹਨੇਰਾ ਹੋ ਗਿਆ। ਬੇੜੀ ਕਿੱਥੇ ਹੈ, ਮਰੀਨਾਂ ਕਿਧਰ ਗਈ? ਉਮਰਾ ਸੁਦਾਈ ਜਿਹਾ ਹੋ ਗਿਆ। ਕੰਢੇ ਤੇ ਹੌਂਕਦਾ ਫਿਰਦਾ ਸੀ।

ਸਵੇਰ ਸਾਰ ਜਦੋਂ ਸੂਰਜ ਨੇ ਪਹਿਲੀਆਂ ਕ੍ਰਿਣਾਂ ਕਾਇਨਾਤ ਤੇ ਸੁਟੀਆਂ ਤਾਂ ਇਕ ਬਰੇਤੀ ਦੇ ਚਮਕੀਲੇ ਕਿਣਕਿਆਂ ਉਤੋਂ ਮਰੀਨਾਂ ਉਮਰੇ ਨੂੰ ਲਭ ਪਈ। ਮਮਤਾ ਦਾ ਮਾਰਿਆ ਭੱਜ ਕੇ ਆਪਣੀ ਬੱਚੀ ਨੂੰ ਚੰਬੜ ਗਿਆ — ਜਿਗਰ ਦੀ ਟੁਕੜੀ ਨੂੰ। "ਮਰੀਨਾਂ — ਮਰੀੀਨਾਂ — ਬੋਲ ਮੇਰੀ ਮਰੀਨੀ।"

ਉਸ ਮਰੀਨੀ ਚੁਕ ਕੇ ਕੰਧਾੜੇ ਲਾ ਲਈ। ਮਰੀਨਾਂ ਦੇ ਵਾਲਾਂ ਵਿਚ ਫਸੇ ਹੋਏ ਰੇਤ ਦੇ ਜ਼ੱਰੇ ਮੋਤੀਆਂ ਵਾਂਗ ਪਏ ਲਿਸ਼ਕਦੇ ਸਨ।

ਛੰਨ ਵਿਚ ਲਿਆ ਕੇ ਕਈ ਉਪਾਆਂ ਹੀਲਿਆਂ ਨਾਲ ਮਰੀਨਾਂ ਹੋਸ਼ ਵਿਚ ਆਂਦਾ - ਮਰੀਨਾਂ ਕੁਝ ਹਿੱਲੀ — ਉਮਰੇ ਨੇ ਸਾਹ ਡੱਕ ਲਏ, ਤੇ ਦਿਲ ਦੀ ਧੜਕਣ ਨੂੰ ਅੰਦਰ ਹੀ ਅੰਦਰ ਨਪਿਆ ਕਿ ਸਾਹ ਤੇ ਧੜਕਣ ਦਾ ਸ਼ੋਰ ਕਿਤੇ ਸੁਹਲ ਮਰੀਨੀ ਨੂੰ ਮੁੜ ਬੇ-ਹੋਸ਼ ਨਾ ਕਰ ਦੇਵੇ।

ਮਰੀਨਾਂ ਦੀਆਂ ਝਿੰਮਣੀਆਂ ਫਰਕੀਆਂ, ਪਲਕਾਂ ਉਘੜੀਆਂ ਤੇ ਆਸਤਾ ਆਸਤਾ ਬੁਲ੍ਹ ਖੁਲ੍ਹੇ।

"ਅੱਬਾ ਆ ..... ਗਿਆ ਹੈ। ਪਾਰਲਾ ...... ਪਾਸਾ — ਮੇਰੀ ਮਾਂ ਦਾ ...... ਦੇਸ — ਬਸ ਹੁਣ ਮੈਨੂੰ ਕੋਈ ਚਿੰਤਾ ਨਹੀਂ।"

ਪਹੁ ਫਟ ਚੁਕੀ ਸੀ, ਚਿੜੀਆਂ ਦੀ ਚੂੰ ਚੂੰ ਤੇ ਘੁਗੀਆਂ ਦੀ ਕੂ ਕੂ ਚੁਫੇਰੇ ਛਿੜੀ ਹੋਈ ਸੀ। ਉਮਰੇ ਦੀ ਜਾਗ ਖੁਲ ਗਈ। ਤਕਿਆ ਮਰੀਨਾਂ ਉਹਦੇ ਮੰਜੇ ਕੋਲ ਖੜੀ ਆਖ ਰਹੀ ਸੀ: "ਚਲ ਅੱਬਾ! ਪੱਤਣ ਨੂੰ - ਅਜ ਮੈਂ ਪਾਰਲੇ ਪਾਸੇ ਜ਼ਰੂਰ ਜਾਣਾ ਹੈ।”


8