ਦੀ ਜੀਭ ਸੰਗਾੱ ਨੇ ਨੱਪ ਘੱਤੀ ਤੇ ਚੋਂਦੀਆਂ ਝਿਮਣੀਆਂ ਹਯਾ ਨਾਲ ਝੁਕ ਗਈਆਂ। ਉਹ ਚੀਸਾਂ ਨਾਲ ਤਿਲਮਲਾਂਦੀ ਸੀ।
"ਓਹੋ, ਸੂਲ, ਇਹ ਤੇ ਆਰ ਪਾਰ ਹੋ ਗਈ ਜਾਪਦੀ ਏ?" ਜਿਉਣੇ ਨੇ ਗੋਡੇ ਪਰਨੇ ਹੋ ਕੇ ਕੰਬਦੇ ਹਥਾਂ ਨਾਲ ਤਾਰੇ ਦਾ ਪੈਰ ਫੜ ਲਿਆ। ਦਬਾ ਸਟ ਬੋਝੇ ਚੋਂ ਨਕਚੂੰਢੀ ਕਢੀ। ਸੂਈ ਨਾਲ ਕੰਡੇ ਦੁਆਲਿਓਂ ਮਾਸ ਕੁਰੇਦਿਆ। ਤਾਰੋ ਦਰਦ ਜਰਦੀ ਤੇ ਬਹੁਤ, ਪਰ ਕਦੇ ਕਦੇ ਜਿਉਣੇ ਕੋਲੋਂ ਪੈਰ ਛੁਡਾਣ ਦਾ ਜਤਨ ਕਰਦੀ ਸੀ। ਦੂਰ ਵਗਦੇ ਖਾਲ ਕੰਢੇ ਬੁੱਕਾਂ ਨਾਲ ਪਾਣੀ ਪੀਂਦੀਆਂ ਦੋ ਘਾਹਿਣਾਂ ਮੂੰਹ ਚੁਕ ਚੁਕ ਏਧਰ ਤਕ ਰਹੀਆਂ ਸਨ, ਤੇ ਮੋਢੇ ਉਤੇ ਕਹੀ ਧਰੀ ਜਾਂਦਾ ਇਕ ਜਟ ਇਨ੍ਹਾਂ ਨੂੰ ਵਿੰਹਦਿਆਂ ਲੰਘਿਆ। ਕੰਡੇ ਦਾ ਸਿਰਾ ਨੰਗਾ ਹੋ ਗਿਆ ਸੀ, ਜਿਉਣੇ ਮੋਚਨੀ ਨਾਲ ਨਪ ਕੇ ਸੂਲ ਖਿਚ ਕਢੀ, ਪੋਟਿਓਂ ਵੱਡੀ ਸੀ, ਚੰਗਾ ਤਕੜਾ ਛੇਕ ਹੋ ਗਿਆ ਸੀ। ਆਪਣੀ ਪੱਗ ਦਾ ਲੜ ਪਾੜ ਕੇ ਉਸ ਨੇ ਪੈਰ ਨੂੰ ਬੰਨ੍ਹ ਦਿੱਤਾ।
ਘੁਸ ਮੁਸਾ ਹੋ ਚੁਕਾ ਸੀ। ਆਕਾਸ਼ ਤੋਂ ਟਾਵੇਂ ਟਾਵੇਂ ਤਾਰੇ ਨਿਕਲ ਆਏ। ਤਿਲੀਅਰ, ਚਿੜੀਆਂ, ਕਾਂ ਤੇ ਹੋਰ ਅਨੇਕਾਂ ਜਨੌਰ ਆਥਣ ਦੀ ਆਰਤੀ ਉਤਾਰ ਕੇ ਕੁਝ ਆਹਲਣਿਆਂ ਵਿਚ ਤੇ ਕੁਝ ਪੱਤਿਆਂ ਦੀ ਓਟ ਵਿਚ ਟਹਿਣੀਆਂ ਪਰ ਜਾ ਬੈਠੇ ਸਨ, ਡਡੀਆਂ ਦੀ ਟਰ ਟਰ ਤੇ ਛਪਕੀਆਂ ਦੀ ਚਰਕ ਚਰਕ ਚੁਪਾਸੀਂ ਛਿੜੀ ਹੋਈ ਸੀ। ਉਹ ਦੋਵੇਂ ਉਠ ਕੇ ਗੱਡੇ ਵਲ ਟੁਰ ਵਗੇ। ਤਾਰੋ ਸਹਿਜੇ ਸਹਿਜੇ ਲਗੀ ਆਉਂਦੀ ਸੀ।
"ਅਜ ਤੇ ਮੈਂ ਤੈਨੂੰ ਏਡਾ ਭਿਟ ਦਿੱਤਾ" ਤਾਰੋ ਨੇ ਆਖਿਆ।
"ਉਹ ਕਿੱਦਾਂ? ਜਿਉਣੇ ਫਰਾਂਹ ਦੇ ਦਰਖ਼ਤ ਪਿੱਛੇ ਚੰਨ ਚੜ੍ਹਦੇ ਵਲ ਝਾਕ ਕੇ ਕਿਹਾ, "ਚੰਨੇ ਦੀ ਚਾਨਣੀ ਨਹੀਂ ਭਿਟਦੀ, ਵਾ ਦੇ ਬੁੱਲੇ ਨਹੀਂ ਭਿੱਟਦੇ, ਸਾਡੇ ਪੱਠੇ ਨਹੀਂ ਭਿੱਟਦੇ, ਤੇ ਗੰਨੇ ਨਹੀਂ ਭਿੱਟਦੇ, ਮੈਂ ਕਿਦਾਂ ਭਿਟਿਆ ਗਿਆ।" ਉਹ ਗਲਾਂ ਕਰਦੇ ਤੂਤ ਹੇਠ ਜਾ ਖਲੋਤੇ। ਪੱਤਿਆਂ ਦੀਆਂ ਵਿਰਲਾਂ ਥਾਣੀਂ ਚਾਨਣੀ ਲੰਘ ਕੇ, ਤਾਰੋ ਦੇ ਮੂੰਹ ਤੇ ਪੈ