ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/33

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਿਹੜੀਆਂ ਗਾਈਆਂ ਮਹੀਆਂ ਉਸ ਤੋਂ ਡਰ ਰੱਸੇ ਤੁੜਾਂਦੀਆਂ ਸਨ, ਓਹ ਹੁਣ ਹੱਥਾਂ ਨੂੰ ਚੱਟ ਕੇ ਪਿਆਰ ਦੇਂਦੀਆਂ ਸਨ। ਇੱਲਤੀ ਬਾਲ ਓਹਦੀਆਂ ਬਾਂਹਾਂ ਨਾਲ ਲਮਕ ਜਾਂਦੇ ਸਨ, ਤੇ ਭੈਣ ਹਸ ਕੇ ਪਾਣੀ ਦੇਂਦੀ ਸੀ। ਪਾਹ ਪੜੋਸੀ ਵੀ ਓਹਦੇ ਨਾਲ ਕੂਣ ਦਾ ਹੀਆ ਕਰਨ ਲਗ ਪਏ ਸਨ, ਪਿੰਡ ਵਿਚ ਓਹਦੀ ਅਚਨਚੇਤ ਤਬਦੀਲੀ ਦਾ ਵਤੀਰਾ ਸਲਾਹਿਆ ਜਾਣ ਲਗਾ।

ਓਹ ਖੇਤੋਂ ਆਉਂਦਾ ਜਾਂਦਾ ਰਾਹ ਵਿਚ ਕਈ ਵਾਰ ਮੁੜਦੀ ਤਾਰੋ ਨੂੰ ਮਿਲ ਪੈਂਦਾ ਤਾਂ ਦੋਵੇਂ ਇਕ ਦੂਜੇ ਨੂੰ ਮਿਨ੍ਹੀਆਂ ਅਖਾਂ ਨਾਲ ਵੇਂਹਦੇ ਲੰਘ ਜਾਂਦੇ। ਕੁਝ ਵਿਥ ਟੁਰ ਮੁੜ ਭੌਂ ਕੇ ਝਾਕ ਲੈਂਦੇ, ਇਕ ਵਾਰ ਨਹੀਂ ਕਿਨੀ ਕਿਨੀ ਵਾਰੀ। ਕਦੇ ਜਿਉਣਾ ਆਪਣੀ ਛੇਲੀ ਨਾਲ ਲੈ ਕੇ ਖੇਤ ਜਾਂਦਾ, ਰਾਹ 'ਚ ਪੱਠੇ ਖੜੀ ਆਉਂਦੀ ਤਾਰੋ ਦੇ ਮਗਰ ਭਜਾ ਦਿੰਦਾ। ਉਹ ਮੈਂ— ਮੈਂ ਮਮਿਆਉਂਦੀ ਤਾਰੋ ਦੀਆਂ ਅਡੀਆਂ ਪਰ ਜਾ ਟਪੋਸੀਆਂ ਮਾਰਦੀ। 'ਮੁੜ ਆ ਤਾਰੋ, ਮੁੜ ਆ' ਮੁਸਕੜੀਆਂ ਹਸਦਾ ਜਿਉਣਾ ਆਪਣੀ ਛੇਲੀ ਨੂੰ ਟਿਚਕਾਰਾਂ ਮਾਰ ਕੇ ਸੱਦਦਾ। ਤਾਰੋ ਵੀ ਮੁਸਕ੍ਰਾ ਪੈਂਦੀ। ਉਹਦੀ ਠੋਡੀ ਦੇ ਟੋਏ ਨੂੰ ਜਿਉਣਾ ਨੀਝ ਲਾ ਕੇ ਵਿੰਹਦਿਆਂ ਰਹਿੰਦਾ।

ਇਕ ਆਥਣ ਜਿਉਣੇ ਪੱਠੇ ਵਢ ਕੇ ਗਡੇ ਤੇ ਲੱਦੇ ਤੇ ਵੇਹਲਿਆਂ ਹੋ ਕੇ ਆਪਣੀ ਛੇਲੀ ਨੂੰ ਤੂਤ ਦੇ ਪੱਤੇ ਖਵਾਂਦਾ ਪਿਆ ਸੀ, ਕਿ ਉਹਨੂੰ ਕਮਾਦ ਦੀ ਪਾਰਲੀ ਨੁਕਰੋਂ ਡੁਸ-ਡੁਸ ਦੀ ਆਵਾਜ਼ ਸੁਣਾਈ ਦਿੱਤੀ। ਪੱਤਿਆਂ ਦਾ ਖੜਾਕ ਭਾਵੇਂ ਠੀਕ ਥਹੁ ਨਹੀਂ ਸੀ ਲਗਣ ਦਿੰਦਾ, ਤਾਂ ਵੀ ਉਹ ਤਾੜ ਗਿਆ ਕਿ ਕੋਈ ਰੋਂਦਾ ਹੈ। ਛੇਲੀ ਬੰਨ੍ਹ ਕੇ ਓਧਰ ਨੂੰ ਟੁਰਿਆ। ਉਹਦੀ ਹਰਾਨੀ ਦੀ ਕੋਈ ਹਦ ਨਾ ਰਹੀ, ਜਦੋਂ ਓਹਨੇ ਤਾਰੋ ਨੂੰ ਪੈਰ ਫੜੀ ਰੋਂਦਿਆਂ ਡਿਠਾ। ਉਹ ਤਿਖੇਰਾ ਪੈਰ ਪੁਟ ਕੇ ਤਾਰੋ ਕੋਲ ਅਪੜਿਆ। ਓਹਦੇ ਪੈਰ 'ਚੋਂ ਲਹੂ ਦੀ ਤਤੀਰੀ ਵਗਦੀ ਸੀ। "ਕੀ ਹੋਇਆ ਤਾਰੋ?" ਜਿਉਣੇ ਨੇ ਕਾਹਲੀ ਨਾਲ ਉਸ ਦੇ ਨਾਲ ਬਹਿੰਦਿਆਂ ਪੁੱਛਿਆ। ਤਾਰੋ

੧੭