ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/32

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖਾਉ ਪੀਉ ਕਰ ਕੇ ਤਾਰੋ ਮੰਜੇ ਤੇ ਜਾ ਲੰਮੀ ਪਈ। ਓਹ ਸੋਚਦੀ ਸੀ:–

"ਅਜ ਜਿਉਣੇ ਦੀਆਂ ਝਿੜਕਾਂ ਮੈਨੂੰ ਕੌੜੀਆਂ ਕਿਉਂ ਨਹੀਂ ਲਗੀਆਂ? ਓਹਦੀ ਘੂਰ ਘੱਪ ਸੁਆਦ ਕਿਉਂ ਲਗਦੀ ਸੀ। ਮੈਂ ਅਜ ਓਹਦੇ ਕੋਲੋਂ ਨਹੀਂ ਡਰੀ? ਲੋਕੀ ਓਹਨੂੰ ਕਸਾਈ ਕਹਿੰਦੇ ਨੇ, ਪਰ ਮੈਨੂੰ ਤੇ ਓਹ ਬੀਬਾ ਜਿਹਾ ਭਾਸਿਆ ਸੀ। ਨਹੀਂ ਨਹੀਂ ਮੈਂ ਭੁਲਦੀ ਹਾਂ। ਓਹ ਤੇ ਹੈ ਈ ਕਸਾਈ। ਕਿੱਦਾਂ ਕੜਕ ਕੇ ਆਂਹਦਾ ਸੀ "ਸਾਡੇ ਖੇਤ ਨ ਮੁੜਕੇ ਆਈ।"

ਪਰ ਨਹੀਂ ਇਹ ਵੀ ਭੁਲੇਖਾ ਹੈ। ਓਹਨੇ ਦੋ ਵਾਰ ਮੁੜ ਮੁੜ ਮੈਨੂੰ ਕੋਲ ਕਿਉਂ ਸਦਿਆ? ਤੇ ਲੂਸਣ ਕਿਉਂ ਦਿਤਾ, ਮੁੜ ਪੰਡ ਕਿਉਂ ਚੁਕਾਈ? ਨਹੀਂ ਓਹ ਕਸਾਈ ਨਹੀਂ, ਮਨਾਂ! ਤੂੰ ਭੁਲਣਾ ਵੇਂ। ਉਹ ਤੇ ਡਾਢਾ ਤਰਸਾਂ ਮਾਰਿਆ ਮੁੰਡਾ ਏ। ਲੋਕੀ ਚੰਦਰੇ ਐਵੇਂ ਕਸਾਈ ਆਖਦੇ ਨੇ, ਜੀ ਕਰਦਾ ਏ ਉਨ੍ਹਾਂ ਦੀਆਂ ਜੀਭਾਂ ਖਿਚ ਘੱਤਾਂ।" ਇਨ੍ਹਾਂ ਸੋਚਾਂ ਵਿਚ ਉਹ ਸੌਂ ਗਈ।

****

੨.

ਕਿਸੇ ਦੇ ਕੰਮ ਆਉਣਾ ਪੱਥਰ ਦਿਲਾਂ ਨੂੰ ਮੋਮ ਕਰ ਦੇਂਦਾ ਹੈ। ਅਸੁਰੀ ਸੁਭਾ ਨੂੰ ਦੈਵੀ ਬਣਾ ਕਢਦਾ ਹੈ। ਕਿਸੇ ਸ਼ੁਧ ਹਿਰਦੇ ਦੀ ਥਰਕਦੀ ਜੋਤ ਨੇ ਜਿਉਣੇ ਦੇ ਹਨੇਰੇ ਅੰਦਰੇ ਵਿਚ ਦੀਪਕ ਜਗਾ ਦਿੱਤਾ, ਓਹਦਾ ਮਿਜ਼ਾਜ ਬਦਲਦਾ ਗਿਆ। ਓਹ ਅਜ ਹੋਰ ਤੇ ਭਲਕ ਹੋਰ ਸੀ। ਚਮਿਆਰੀਆਂ, ਜਿਨ੍ਹਾਂ ਨੂੰ ਓਹਦੇ ਪਰਛਾਵੇਂ ਤੋਂ ਹੌਲ ਪੈਂਦੇ ਸਨ, ਹੁਣ ਓਹਦੀਆਂ ਵਟਾਂ ਤੋਂ ਰੰਬੇ ਵਾਹ ਆਉਂਦੀਆਂ ਸਨ, ਓਹ ਫ਼ਸਲ ਦੇ ਨੁਕਸਾਨ ਤੋਂ ਬਿਨਾਂ ਹੋਰ ਕਾਸੇ ਤੋਂ ਨਹੀਂ ਸੀ ਡੱਕਦਾ। ਘਰ ਆਉਣ ਤੇ

੧੬