ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਭਾਓ ਤੇ ਗੁਲਾਬੀ ਹਸਣੀ ਨਾਲ ਬਾਲਾਂ ਨੂੰ ਹਿਕ ਨਾਲ ਲਾ ਲਾ ਚੁੰਮਦਾ ਸੀ। ਭੈਣ ਕੋਲੋਂ ਖਿੜੇ ਮੱਥੇ ਪਾਣੀ ਮੰਗਿਆ, ਫੇਰ ਮੰਡੀਓਂ ਆਂਦੇ ਵੱਛਿਆਂ ਦੇ ਗਲ ਘੁੰਗਰੂ ਬਧੇ। ਮਹੀਆਂ ਨੂੰ ਥਾਪੀ ਦੇਂਦਾ ਫਿਰਦਾ ਸੀ ਨਾਲੋ ਨਾਲ ਉਹਨੂੰ ਕੁਝ ਚੇਤੇ ਆਉਂਦਾ ਸੀ ਤੇ ਡੰਗਰਾਂ ਨਾਲ ਗਲਾਂ ਦੇ ਪੱਜੇ ਹਸ ਛਡਦਾ ਸੀ।

ਭੈਣ ਹੈਰਾਨ ਸੀ ਕਿ ਅਜ ਉਹਦੇ ਭਰਾ ਨੇ ਕਿਹੜਾ ਅਮ੍ਰਿਤ ਪੀ ਲਿਆ ਜੋ ਇਕ ਦਮ ਕੁਝ ਦਾ ਕੁਝ ਬਣ ਗਿਆ। ਭੌਂਦਾ ਭੌਂਦਾ ਉਹ ਆਪਣੀ ਮੱਥੇ-ਫੁਲੀ ਛੇਲੀ ਕੋਲ ਬਹਿ ਗਿਆ, ਉਹਦੀ ਨਰਮ ਨਰਮ ਬੂਬੀ ਨੂੰ ਚੁੰਮ ਕੇ ਆਂਹਦਾ, "ਜੀ ਕਰਦਾ ਏ ਤੇਰਾ ਨਾਉਂ ਤਾਰੋ ਰਖ ਦਿਆਂ।" ਓਥੋਂ ਉਠ ਕੇ ਉਹ ਨਹਾਤਾ ਤੇ ਮੁੜ ਰੋਟੀ ਖਾਣ ਲਗ ਪਿਆ।

"ਅੱਜ ਦਿਹੁੰ ਕਿਧਰੋਂ ਚੜ੍ਹਿਆ ਏ ਭਾਊ" ਓਹਦੀ ਭੈਣ ਨੇ ਓਹਨੂੰ ਪ੍ਰਸੰਨ ਵੇਖ ਕੇ ਕਿਹਾ।

"ਸਾਡੇ ਮਰੱਬਿਓ" ਓਹਨੇ ਬੁਰਕੀ ਤੋੜ ਕੇ ਉੱਤਰ ਦਿੱਤਾ। ਫਿਰ ਹਸ ਪਿਆ।

ਤਾਰੋ ਨੇ ਘਰ ਆ ਕੇ ਪੱਠੇ ਮਹਿੰ ਨੂੰ ਪਾਏ। ਅਜ ਦੇ ਕੱਖ ਵੇਖ ਕੇ ਓਹਦੀ ਮਾਂ ਬੜੀ ਖ਼ੁਸ਼ੀ ਹੋਈ ਤੇ ਪੁਛਿਆ, "ਕਿਥੋਂ ਆਂਦੇ ਈ ਏਨੇ ਵੜੇ?"

"ਜਿਉਣੇ ਦੇ ਮੁਰੱਬਿਓਂ" ਤਾਰੋ ਨੇ ਜਵਾਬ ਦਿੱਤਾ।

"ਨੀ ਹਾਏ ਓਸ ਕਸਾਈ ਦੇ ਖੇਤ ਨਾ ਜਾਇਆ ਕਰ ਨੀ ਜਾਣਦੀ ਨਹੀਓਂ ਵਰਯਾਮੇ ਤੇ ਨਾਤੂ ਦੀਆਂ ਚਮਿਆਰੀਆਂ ਦੇ ਕਿੱਦਾਂ ਹੱਜ ਤੋੜੇ ਸਾ ਸੂ। ਓਹ ਵਿਚਾਰੀਆਂ ਭੁਲ ਭੁਲੇਖੇ ਓਹਦੀ ਕਪਾਹੇ ਜਾ ਵੜੀਆਂ ਸਨ, ਤੇ ਅਜੇ ਇਕ ਬੂਝਾ ਵੀ ਨਹੀਂ ਸਾ ਨੇ ਖੁਰਚਿਆ ਕਿ ਫ੍ਹੇਣ ਢਹਿ ਪਿਆ।" ਓਹਦੀ ਮਾਂ ਨੇ ਅੱਖਾਂ ਅਡ ਕੇ ਹਰਾਨਗੀ ਨਾਲ ਕਿਹਾ।

"ਨਹੀਂ ਮਾਂ, ਅਜ ਓਹਨੂੰ ਸਾਡੀ ਮਹੀਂ ਤੇ ਤਰਸ ਆ ਗਿਆ ਸੀ, ਵਿੰਹਦੀ ਨਹੀਂ? ਆਹ! ਰੁਗ ਲੂਸਣ ਦਾ ਵੀ ਦੇ ਦਿਤੋ ਸੂ । ਆਂਹਦਾ ਸੀ ਮੈਂਹ ਬਾਹਲੀ ਭੁਖੀ ਹੋਊਗੀ।"

15