"ਮੈਂ ਚੁਕਾ ਦਿਆਂ ਆਖ ਕੇ ਜਿਉਣੇ ਨੇ ਪੰਡ ਉਹਦੇ ਸਿਰ ਤੇ ਧਰਾ ਦਿਤੀ। ਉਹ ਸਿੱਧੀ ਪਿੰਡ ਨੂੰ ਹੋ ਲਈ। ਅਜੇ ਕਿਆਰਾ ਭਰ ਹੀ ਗਈ ਸੀ ਕਿ ਜੀਉਣੇ ਮੁੜ ਮਗਰੋਂ ਹਾਕ ਮਾਰ ਕੇ ਖਲ੍ਹਿਰ ਲਈ "ਰੁਗ ਲੂਸਣ ਦਾ ਵੀ ਲੈ ਜਾ, ਮਹਿੰ ਬਾਹਲੀ ਭੁਖੀ ਹੋਵੇਗੀ ਓ" ਤੇ ਦਾਤੀ ਨਾਲ ਦਬਾ ਸੱਟ ਲੂਸਣ ਵਢ ਕੇ ਉਹਨੇ ਉਹਦੀ ਪੰਡ ਵਿਚ ਬੰਨ੍ਹ ਦਿੱਤਾ। ਤੇ ਟੁਰਨ ਲਗਾ ਮੁੜ ਆਂਹਦਾ "ਸੁੰਨੇ ਖੇਤ ਨਾ ਉਜਾੜਿਆ ਕਰੋ...ਤਾਰੋ।" ਤਾਰੋ ਨੇ ਉਹਦੇ ਵਲ ਤੱਕਿਆ, ਅਖਾਂ ਵਿਚ ਹੱਸੀ ਤੇ ਚਲੀ ਗਈ। ਜਿਉਣਾ ਦੂਰ ਤਕ ਜਾਂਦੀ ਨੂੰ ਵੇਹਿੰਦਾ ਰਿਹਾ।
ਜਿਉਣੇ ਦੇ ਮਾਪੇ ਚਰੋਕੇ ਮਰ ਚੁਕੇ ਸਨ। ਉਹ ਆਪਣੀ ਭੈਣ ਤੇ ਉਹਦੇ ਜੁਆਕਾਂ ਨਾਲ ਰਹਿੰਦਾ ਸੀ। ਜਿਉਣੇ ਦੇ ਨਾਉਂ ਇਕੱਲਾ ਹੋਣ ਕਰ ਕੇ ਚੋਖੀ ਜਾਇਦਾਦ ਸੀ। ਉਹਦਾ ਘਰ ਹਛੇ ਚਲਦੇ ਘਰਾਂ ਵਿਚ ਗਿਣਿਆ ਜਾਂਦਾ ਸੀ। ਚੰਗੇ ਟੱਬਰਾਂ ਦੇ ਨਾਤੇ ਉਹਨੂੰ ਮਿਲਦੇ ਸਨ, ਪਰ ਉਹ ਨਾਂਹ ਨੁਕਰ ਕਰ ਛਡਦਾ ਸੀ। ਉਹ ਡਾਢਾ ਹਠੀ ਸੀ। ਉਹਦਾ ਸੁਭਾਓ ਗਰਮ ਤੇ ਸਿਰੇ ਦੀ ਕਠੋਰ ਤਬੀਅਤ ਸੀ ਪਰ ਚਾਲ ਚਲਣ ਦਾ ਅਹਿੱਲ ਸੀ। ਉਹਦੀ ਰਹਿਣੀ ਬਹਿਣੀ ਤੇ ਕਦੇ ਕਿਸੇ ਨੂੰ ਸ਼ੰਕਾ ਨਹੀਂ ਸੀ ਹੋਇਆ। ਉਹਦੇ ਖੁਰਦਰੇ ਬੋਲਾਂ ਤੇ ਭੈਣ ਵੀ ਅਕੀ ਹੋਈ ਸੀ। ਉਹ ਆਥਣ ਨੂੰ ਜਦੋਂ ਮਰੱਬਿਓਂ ਘਰ ਆਉਂਦਾ ਤਾਂ ਚੰਗੇ ਭਲੇ ਖੇਡਦੇ ਇਞਾਣੇ ਸਹਿਮ ਜਾਂਦੇ ਤੇ ਭੈਣ ਚੁਪ ਸਾਧ ਬਹਿੰਦੀ। ਉਹ ਆਉਂਦਿਆਂ ਸਾਰ ਹੀ ਖਿਝ ਕੇ ਘੁਰਕੀਆਂ ਤੇ ਝਿੜਕਾਂ ਕਸਣ ਡਹਿ ਪੈਂਦਾ ਸੀ। ਕਦੇ ਕਿਸੇ ਬੌਲਦ ਦੀ ਬੂਥੀ ਭੰਨ ਕਢਦਾ ਤੇ ਕਦੇ ਕਿਸੇ ਖੁਰਲੀ ਚੋਂ ਤੂੜੀ ਵਗਾਂਹਦੀ ਮਹਿੰ ਦੀ ਮੁੰਜ ਉਡਾ ਦੇਂਦਾ। ਬਾਹਰੋਂ ਆ ਕੇ ਘੰਟਾ ਡੇਢ ਘੰਟਾ ਵਢੂੰ-ਖਾਊਂ ਕਰ ਕੇ ਟੁਕਰ ਖਾਂਦਾ ਹੁੰਦਾ ਸੀ।
ਪਰ ਅਜ ਜਦੋਂ, ਤਾਰੋ ਨੂੰ ਵਿਦਿਆ ਕਰ ਕੇ ਘਰ ਆਇਆ ਤਾਂ ਉਹਦੇ ਤੌਰ ਹੀ ਨਿਰਾਲੇ ਸਨ। ਅਜ ਉਹ ਫੂੰ-ਫਾਂ ਤਿੜ ਫਿੜ ਤਿਲ ਮਾਤਰ ਵੀ ਨਹੀਂ ਸੀ ਰੜਕਦੀ। ਅਜ ਹਲਕੀ ਪੌਣ ਤਬੀਅਤ, ਸੁਬਕ