ਭੂਸਲੀਆਂ ਲਟੂਰੀਆਂ ਉਤੇ ਲਹਿੰਦੇ ਸੂਰਜ ਦੀਆਂ ਕਿਰਨਾ ਥੱਰਾ ਰਹੀਆਂ ਸਨ। ਕਪਾਹ ਦੇ ਸਾਵੇ ਪੱਤੇ ਓਹਦੇ ਮੂੰਹ ਪਰ ਹਵਾ ਨਾਲ ਫੜ ਫੜ ਵਜਦੇ ਸਨ। ਉਹ ਕੁਝ ਨ ਕੂਈ। "ਤੂੰ ਐਥੇ ਕਿਉਂ ਆਈ? ਜਦੋਂ ਤੈਨੂੰ ਪਤਾ ਏ ਮੈਂ ਕਿਸੇ ਨੂੰ ਘਾਹ ਨਹੀਂ ਲੈਣ ਦਿੰਦਾ।" ਜਿਉਣੇ ਕੜਕ ਕੇ ਕਿਹਾ। ਤਾਰੋ ਹਥ ਵਿਚ ਰੰਬਾ ਲਈ, ਅੱਖਾਂ ਧਰਤੀ ਵਿਚ ਗਡ ਕੇ ਚੁਪੀਤੀ ਖੜੀ ਰਹੀ। "ਪੱਥਰ ਹੋ ਗਈਓਂ, ਜੀਭ ਤਾਲੂ ਲਗ ਗਈ ਸੂ, ਬੋਲਦੀ ਕਿਉਂ ਨਹੀਂ?" ਜਿਉਣਾ ਹੋਰ ਅਗੇ ਵਧ ਕੇ ਬੋਲਿਆ।
"ਸਾਡੀ ਮਹਿੰ ਭੁਖੀ ਸੀ" ਤਾਰੋ ਨੇ ਸਹਿਜੇ ਬੁਲ੍ਹ ਖੋਲ੍ਹੇ।
"ਪਰ ਤੈਨੂੰ ਪਤਾ ਨਹੀਂ ਇਹ ਘਾਹ ਮੇਰਾ ਰਖਿਆ ਹੋਇਆ ਏ" ਜਿਉਣੇ ਮੁੜ ਕਿਹਾ।
"ਅਸੀਂ ਵੀ ਤੇ ਤੁਹਾਡੇ ਈ ਰਖੇ ਹੋਏ ਆਂ" ਤਾਰੋ ਨੇ ਕਟੋਰੇ ਜਿਹੀਆਂ ਉਦਾਸ ਅਖਾਂ ਨਾਲ ਜਿਉਣੇ ਵਲ ਝਾਕ ਕੇ ਕਿਹਾ।
ਜਿਉਣੇ ਆਪਣੀਆਂ ਫੁਟਦੀਆਂ ਮੁਛਾਂ ਤੇ ਹਥ ਫੇਰਿਆ ਤੇ ਲੰਮੀ ਨਜ਼ਰ ਭਰ ਕੇ ਦੂਰ ਤਕ ਵੇਖਿਆ। ਉਹਨੂੰ ਆਪਣਾ ਆਪ ਹੌਲਾ ਹੁੰਦਾ ਜਾਪਿਆ 'ਜਾਹ ਵਗ ਜਾ- ਘਾਹ ਇਥਾਈਂ ਢੇਰੀ ਕਰ ਦੇ' ਉਹਦੇ ਬੋਲਾਂ ਵਿਚ ਫ਼ਰਕ ਸੀ।
ਤਾਰੋ ਨੇ ਚੁੰਨੀ ਚੋਂ ਖੱਬਲ ਪਲਟ ਦਿਤਾ, ਤੇ ਪਿੰਡ ਨੂੰ ਟੁਰ ਵਗੀ। ਜਿਉਣਾ ਜਾਂਦੀ ਨੂੰ ਨੀਝ ਲਾ ਕੇ ਵਿੰਹਦਾ ਸੀ। ਉਹ ਮਸਾਂ ਵੀਹ ਕੁ ਡਿੰਘਾਂ ਹੀ ਗਈ ਸੀ, ਕਿ ਜਿਉਣੇ ਵਾਜ ਦਿਤੀ 'ਤਾਰੋ', ਉਹ ਖਲੋ ਗਈ।
"ਲੈ ਜਾ ਘਾਹ, ਪਰ ਫੇਰ ਨ ਆਈ" ਜਿਉਣੇ ਉਤਲੀ ਹੈਂਕੜ ਵਿਚ ਕਿਹਾ।
ਤਾਰੋ ਮੁੜ ਆਈ, ਚੁੰਨੀ ਵਿਚ ਘਾਹ ਪਾ ਕੇ ਬੰਨ੍ਹ ਲਿਆ। ਉਹ ਚੁਕ ਨਾ ਸਕੀ ਕਿਉਂਕਿ ਬਾਹਲਾ ਸੀ। ਉਹਦੀਆਂ ਅਖਾਂ ਵਿਚ ਸਹਾਇਤਾ ਦੀ ਪ੍ਰੇਰਨਾ ਸੀ।
੧੩