"ਬਸ— ਜਾਏ ਇਹ ਚਮਿਆਰਾਂ ਨਾਲ— ਸਾਡੇ ਨਾਲੋਂ ਇਹ ਛੇਕਿਆ ਰਹੇਗਾ।" ਪੈਂਚਾਂ ਨੇ ਇਕ ਦੂਜੇ ਵਲ ਤਕ ਕੇ ਆਖਿਆ।
"ਸੁਣੋ, ਝੀਉਰੋ, ਨਾਈਓ, ਚਮਿਆਰੋ, ਚੂਹੜਿਓ- ਜਿਹੜਾ ਜੀਉਣੇ ਦਾ ਕੰਮ ਕਰੇਗਾ, ਉਹ ਸਾਡਾ ਕਿਸੇ ਦਾ ਨਹੀਂ ਕਰੇਗਾ।"
ਪੰਚੈਤ ਬਰਖ਼ਾਸਤ ਹੋ ਗਈ। ਲੋਕੀ ਗਲਾਂ ਕਰਦੇ ਘਰਾਂ ਨੂੰ ਚਲੇ ਗਏ। ਇਕ ਪੈਂਚ ਨੇ ਨੱਥੂ ਨੂੰ ਅੱਖ ਮਾਰ ਕੇ ਕੋਲ ਸਦਿਆ ਤੇ ਇਕ ਹੋਰ ਪੈਂਚ ਨੂੰ ਨਾਲ ਖੜਿਆ ਤੇ ਉਹ ਤਿੰਨੇ ਇਕ ਕੱਚੇ ਕੋਠੇ ਵਿਚ ਜਾ ਵੜੇ। ਬਾਰੀਆਂ ਬੂਹੇ ਬੰਦ ਕਰ ਲਏ।
"ਏਸ ਕੁੜੀ ਦਾ ਟੰਟਾਾ ਹੀ ਮੁਕਾ ਖਾਂ, ਨਿਤ ਨਿਤ ਦਾ ਰੇੜਕਾ ਮੁਕੇ" ਇਕ ਪੈਂਚ ਨੇ ਨੱਥੂ ਨੂੰ ਸਹਿਜੇ ਜਿਹੇ ਕਿਹਾ।
"ਹਾਂ ਹਾਂ ਵਿਚੋਂ ਇਹਦਾ ਫਸਤਾ ਵਢੋ, ਇਹ ਰੋਜ਼ ਦੀ ਖੱਪ ਨਿਬੜੇ" ਦੂਜੇ ਪੈਂਚ ਨੇ ਪ੍ਰੋੜ੍ਹਤਾ ਕੀਤੀ।
"ਚੌਧਰੀ, ਸਾਡਾ ਤੇ ਵਾਲ ਵਾਲ ਦੁਖੀ ਏ, ਸਾਡੇ ਦਿਲ ਅੰਬੇ ਪਏ ਨੇ। ਇਹ ਤਾਰੋ ਸਾਡੇ ਨਿਜ ਜੰਮਦੀ। ਜਿੱਦਾਂ ਤੁਸੀਂ ਆਖੋ ਕਰਾਂਗਾ" ਨੱਥੂ ਦਾ ਪਿੰਡਾ ਤੱਤੇ ਲਹੂ ਨਾਲ ਬਲ ਰਿਹਾ ਸੀ।
"ਸੁਣ ਉਰੇ ਹੋ ਕੇ" ਇਕ ਪੈਂਚ ਨੇ ਨੱਥੂ ਨੂੰ ਹੌਲੀ ਜਿਹੀ ਕਿਹਾ। "ਅਜ ਰਾਤ ਨੂੰ ਉਹਦੇ ਹੱਥ ਪੈਰ ਜਕੜ ਕੇ ਨਹਿਰ ਦੇ ਵਿਚ। ਹਾਂ ਪਰ ਪੁਲ ਉਤੋਂ ਨਹਿਰ ਦੀ ਮੰਝ-ਧਾਰ ਵਿਚ ਰੇੜ੍ਹਨਾ। ਕੰਢੇ ਤੋਂ ਨਾ ਸੁਟੀਂ ਮਤਾਂ ਨਿਕਲ ਈ ਆਵੇ।"
"ਹੁਣੇ ਘਰ ਜਾ ਕੇ ਚਮਿਆਰੀ ਨੂੰ ਆਖ ਛਡ ਕਿ ਤਾਰੋ ਰਾਤੀਂ ਨਾਨਕੀਂ ਖੜਨੀ ਏਂ, ਬਹੁਤ ਜ਼ਰੂਰੀ ਸੁਨੇਹਾ ਆਇਆ ਏ। ਜਾਂਦਾ ਈ ਤਿਆਰੀ ਵਿਆਰੀ ਵਿਚ ਜੁਟ ਜਾਹ, ਤਾ ਕਿ ਸ਼ਕ ਨਾ ਪਵੇ। ਗੱਡਾ ਸਾਡਾ ਲੈ ਜਾਵੀਂ" ਦੂਜੇ ਪੈਂਚ ਨੇ ਨੱਥੂ ਨੂੰ ਸਮਝਾਇਆ। ਇਹ ਮਤਾ ਪਕਾ ਕੇ ਉਹ ਨਿੱਖੜ ਗਏ।
****
੨੩