ਟੁਟ ਗਈ। ਹੁਣ ਉਹ ਘਰ ਅਪੜ ਚੁਕੀ ਸੀ। ਅਜ ਦੀ ਰਾਤ ਵੀ ਬੀਤੇ ਦੀ ਮਿੱਠੀ ਯਾਦ ਵਿਚ ਲੰਘੀ। ਪਰੰਤੂ ਓਹਦੀ ਨਿਕੀ ਉਮਰ ਦੇ ਸੰਗੀ ਦਾ ਖ਼ਿਆਲ ਉਹਦੇ ਪਾਸਿਆਂ ਵਿਚ ਰੜਕਦਾ ਰਿਹਾ।
★★★★
ਪ੍ਰੀਤੂ ਪੰਜਾਂ ਛਿਆਂ ਸਾਲਾਂ ਦਾ ਹੀ ਵਡੇ ਭਰਾ ਨਾਲ ਮਲਾਇਆ ਟੁਰ ਗਿਆ ਸੀ। ਉਨ੍ਹਾਂ ਓਥੇ ਜ਼ਮੀਨ ਖਰੀਦ ਕੇ ਰਬੜ ਦੇ ਦਰਖਤ ਲਾ ਦਿਤੇ ਸਨ। ਪਹਿਲਾਂ ਤਾਂ ਪ੍ਰੀਤੂ ਹਰ ਵਰੇ ਆ ਕੇ ਘਰ ਮਿਲ ਜਾਂਦਾ ਸੀ, ਪਰ ਹੁਣ ਲਗਾਤਾਰ ਤਿੰਨ ਸਾਲ ਤੋਂ ਨਹੀਂ ਸੀ ਆਇਆ। ਪਿਛੇ ਜਿੰਨੀ ਵੇਰ ਉਹ ਆਇਆ, ਸੀਬੋ ਲਈ ਕੋਈ ਸੁਗਾਤ ਜ਼ਰੂਰ ਲਿਆਉਂਦਾ ਰਿਹਾ। ਸੀਬੋ ਨਾਲ ਉਹਦਾ ਡਾਢਾ ਪਿਆਰ ਸੀ। ਪਰਵਾਰ ਵਿਚ ਬੈਠੀ ਸੀਬੋ ਨੂੰ ਸੁਗਾਤ ਦੇਂਦਾ, ਤੇ ਕਈ ਵੇਰ ਕੋਲ ਬੈਠੀ ਉਹਦੀ ਮਾਂ ਨੂੰ ਆਂਹਦਾ— "ਚਾਚੀ! ਮੈਂ ਸੀਬੋ ਨੂੰ ਭੁਲਦਾ ਨਹੀਂ, ਇਹ ਮੇਰੇ ਨਾਲ ਨਿਕੇ ਹੁੰਦਿਆਂ ਖੇਡੀ ਹੈ। ਪਤਾ ਈ ਨਾ ਚਾਚੀ! ਜਦੋਂ ਅਸੀਂ ਜੋਟੀ ਬੰਨ੍ਹ ਕੇ ਥੇਹ ਦੀਆਂ ਬੇਰੀਆਂ ਵਲ ਲਪਕਦੇ ਹੁੰਦੇ ਸਾਂ।"
ਫਿਰ ਉਹ ਨੀਵੀਂ ਪਾ ਕੇ ਮੁਸਕ੍ਰਾਂਦੀ ਸੀਬੋ ਵਲ ਰੁਖ ਕਰ ਕੇ ਕਹਿੰਦਾ, "ਭੈਣ ਸੀਬੋ! ਖੁਆ ਦੇ ਮੁੜ ਉਹਨਾਂ ਥੇਹ ਵਾਲੀਆਂ ਬੇਰੀਆਂ ਦੇ ਬੇਰ— ਉਹ ਬੇਰੀਆਂ ਜਿਥੇ ਮੈਂ ਘੋੜੀ ਬਣਿਆ ਤੇ ਤੂੰ ਪਲਾਕੀ ਮਾਰ ਕੇ ਚੜ੍ਹੀ ਸੈਂ" ਇਹ ਗਲ ਸੁਣ ਕੇ ਸਾਰੇ ਖਿੜ ਖਿੜ ਹੱਸ ਪੈਂਦੇ।
ਬੀਤੇ ਤ੍ਰੈ ਸਾਲਾਂ ਵਿਚ ਪ੍ਰ੍ਰੀਤੂ ਨੇ ਆਪਣੀ ਭੈਣ ਕਰਮੋ ਨੂੰ ਜਿੱਨੀਆਂ ਚਿੱਠੀਆਂ ਲਿਖੀਆਂ, ਉਹਨਾਂ ਸਾਰੀਆਂ ਵਿਚ ਸੀਬੋ ਨੂੰ ਡੂੰਘੀਆਂ ਯਾਦਾਂ ਨਾਲ ਚੇਤੇ ਕੀਤਾ ਹੁੰਦਾ ਸੀ, ਤੇ ਲਿਖਿਆ ਹੁੰਦਾ ਸੀ— "ਹੁਣ ਮੈਂ ਬੇਰਾਂ ਦੀ ਰੁਤੇ ਆਵਾਂਗਾ। ਸੀਬੋ ਨੂੰ ਆਖ ਛਡਣਾ ਮੇਰੇ ਲਈ ਬੇਰ ਰਖੇ— ਓਹਨਾਂ ਥੇਹ ਵਾਲੀਆਂ ਬੇਰੀਆਂ ਦੇ, ਜ਼ਰੂਰ ਆਖੀਂ ਕਰਮੋਂ