ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੀ ਚੁੰਨੀ ਉਡ ਕੇ ਪੈਲੀਆਂ ਦੁਆਲੇ ਕੰਡਿਆਂ ਦੀ ਵਾੜ ਵਿਚ ਫੱਸ ਜਾਂਦੀ ਸੀ, ਕਦੇ ਉਹ ਤਿਲਕ ਕੇ ਢਹਿ ਪੈਂਦੀ ਉਹਦੇ ਵਾਲ ਗਿੱਲੇ ਹੋ ਗਏ, ਤੇ ਝਗਾ ਸੁਥਣ ਫੁਹਾਰ ਦੀ ਵਾਛੜ ਨਾਲ ਭਿਜ ਗਏ ਸਨ। ਪਰ ਤਾਂਘਦੇ ਦਿਲ ਕਠਨਾਈਆਂ ਹੱਸ ਕੇ ਅਬੂਰ ਕਰ ਲੈਂਦੇ ਹਨ। ਉਹ ਬੇਰੀ ਕੋਲ ਜਾ ਪਹੁੰਚੀ। ਝੱਖੜ ਨਾਲ ਸਾਰੇ ਬੇਰ ਭੁਵੇਂ ਡਿੱਗੇ ਪਏ ਸਨ।

ਗਾਰੇ ਨਾਲ ਲਿਬੜੇ ਹੋਏ ਬੇਰਾਂ ਨੂੰ ਝੱਗੇ ਦੇ ਪੱਲੇ ਨਾਲ ਪੂੰਝ ਕੇ, ਸੀਬੋ ਰੁਮਾਲ ਵਿਚ ਪਾਂਦੀ ਜਾਂਦੀ ਸੀ। ਨਾਲੇ ਕੁਝ ਗੀਤ ਜਿਹੇ ਗੁਣ ਗੁਣਾਂਦੀ ਸੀ । ਕਾਹਲੀ ਕਾਹਲੀ ਉਹਨੇ ਚੋਖੇ ਬੇਰ ਚੁਗ ਲਏ ਤੇ ਘਰ ਮੁੜ ਆਈ। ਬੇਰ ਬੰਨ੍ਹ ਕੇ ਆਪਣੀ ਕੱਤਣੀ ਵਿਚ ਜਾ ਰਖੇ । ਮਗਰੋਂ ਨਹਾ ਧੋ ਕੇ ਲੀੜੇ ਬਦਲੇ। ਕਰਮੋ ਵੀ ਤਿਆਰ ਹੋ ਕੇ ਆ ਗਈ ਸੀ । ਦੋਵੇਂ ਸਹੇਲੀਆਂ ਕੋਠੇ ਤੇ ਜਾ ਚੜ੍ਹੀਆਂ ਤੇ ਟੇਸ਼ਣ ਵਾਲਾ ਰਾਹ ਤੱਕਣ ਲਗੀਆਂ। ਕੱਚੇ ਕੋਠੇ ਦੇ ਬਨੇਰੇ ਤੇ ਪੱਬਾਂ ਪਰਨੇ ਹੋ ਕੇ ਦਰਖ਼ਤਾਂ ਤੋਂ ਪਰੇ ਆਉਂਦੇ ਪ੍ਰੀਤੂ ਨੂੰ ਤੱਕਣ ਲਗੀ ਸੀ ਕਿ ਪੈਰ ਤਿਲਕ ਗਿਆ। ਉਹ ਥਹਿੰ ਦੇਣੀ ਕੋਠਿਓਂ ਥਲੇ ਜਾ ਪਈ। ਇਕ ਚੀਕ ਸੁਣਾਈ ਦਿਤੀ | ਓਹਦੀ ਮਾਂ ਅੰਦਰੋਂ ਦੌੜੀ ਆਈ। ਕਰਮੋਂ ਵੀ ਕਾਹਲੀ ਨਾਲ ਥਲੇ ਉਤਰੀ। ਦੋਹਾਂ ਨੇ ਸੀਬੋ ਨੂੰ ਚੁਕਿਆ । ਓਹਦੇ ਸਿਰ ਵਿਚੋਂ ਰੱਤ ਵਗਦੀ ਸੀ, ਕਿਉਂਕਿ ਸਿਰ, ਥਲੇ ਪਈਆਂ ਇਟਾਂ ਨੂੰ ਵੱਜ ਕੇ ਪਾਟ ਗਿਆ ਸੀ। ਘਰ ਵਿਚ ਕੁਹਰਾਮ ਮਚ ਗਿਆ, ਸੀਬੋ ਦੇ ਪਿਓ ਨੂੰ ਇਕ ਮੁੰਡਾ ਖੇਤੋਂ ਸਦ ਲਿਆਇਆ। ਓਹਨੇ ਪਿੰਡ ਦੇ ਹਕੀਮ ਨੂੰ ਆਂਦਾ। ਹਕੀਮ ਨੇ ਮਲ੍ਹਮ ਪਟੀ ਕੀਤੀ । ਸੀਬੋ ਨੂੰ ਕੁਝ ਹੋਸ਼ ਆਈ।ਪਰ ਹਕੀਮ ਸਿਰ ਹਿਲਾ ਕੇ ਟੁਰ ਗਿਆ।

ਪ੍ਰੀਤੂ ਸਿਰ ਤੇ ਟਰੰਕ ਤੇ ਹਥ ਵਿਚ ਫਲਾਂ ਦੀ ਟੋਕਰੀ ਚੁਕੀ ਘਰ ਆ ਗਿਆ। ਓਹਦੇ ਕਪੜੇ ਗਾਰੇ ਨਾਲ ਲਿਤੜ ਬਿਤੜ ਹੋਏ ਪਏ ਸਨ। ਉਹ ਵੀ ਰਸਤੇ ਵਿਚ ਇਕ ਖਾਲ ਟੱਪਣ ਲਗਾ ਡਿਗ ਪਿਆ ਸੀ, ਖਬਰੇ ਓਦੋਂ ਹੀ ਜਦੋਂ ਸੀਬੋ ਕੋਠਿਓਂ ਢਠੀ ਸੀ। ਘਰ ਦੇ ਅਧ-ਖ਼ੁਸ਼ੀ ਵਿਚ ਓਹਨੂੰ

ਮਿਲੇ। ਉਹਨੂੰ ਸੀਬੋ ਦੇ ਡਿਗਣ ਦੀ ਵਾਰਤਾ ਕਹਿ ਸੁਣਾਈ।

37