ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸਨ ਬਹਿੰਦੀਆਂ। ਉਹ ਕਈ ਵਾਰ ਬਿਮਾਰ ਹੋ ਜਾਂਦਾ ਸੀ। ਬਾਜ਼ੀ ਵਾਰੀ ਮੱਛੀਆਂ ਵੀ ਉਸ ਕੋਲੋਂ ਨਹੀਂ ਸਨ ਫੜੀਂਦੀਆਂ। ਜਿਦਣ ਉਹ ਮੱਛੀਆ ਫੜਣ ਨਾ ਜਾਂਦਾ ਓਦਨਸਮੁੰਦਰ ਦੇ ਕੰਢੇ ਖਲੋ ਕੇ ਵਿਛੜਦੇ ਜਹਾਜ਼ਾਂ ਦੀ ਘੁਣਕਾਰ ਸੁਣਦਾ। ਉਹਦਾ ਮਨ ਵਿਸ਼ਾਲ ਅਕਾਸ਼ ਨਾਲ ਭਰ ਜਾਂਦਾ।

ਇਕ ਦਿਨ ਜਦੋਂ ਉਹ ਚਟਾਨ ਉਤੇ ਨਿੱਘੀ ਧੁੱਪ ਵਿਚ ਬੈਠੇ ਸਨ ਤਾਂ ਸਾਗਰ ਨੇ ਹਿੰਦੀ ਨੂੰ ਆਖਿਆ:-

"ਪ੍ਰਦੇਸੀ ਮੁੰਡੇ! ਮੇਰੀ ਜ਼ਿੰਦਗਾਨੀ ਨਿਰਬਲ ਹੋ ਰਹੀ ਹੈ — ਇਹ ਬੱਚੀ ਮੈਨੂੰ ਸਮੁੰਦਰ ਦੀਆਂ ਲਹਿਰਾਂ ਉਤੋਂ ਲੱਭੀ ਸੀ। ਸਮੁੰਦਰ ਦੀਆਂ ਮੱਛੀਆਂ ਨਾਲ ਖੇਡ ਖੇਡ ਕੇ ਇਹ ਏਡੀ ਵਡੀ ਹੋਈ ਹੈ। ਸਮੁੰਦਰ ਦੇ ਸ਼ੋਰ ਨੇ ਇਹਨੂੰ ਲੋਰੀਆਂ ਦੇ ਦੇ ਥਾਪੜਿਆ ਹੈ — ਲਹਿਰਾਂ ਨੇ ਇਹਦਾ ਦਿਲ ਸਾਜਿਆ ਹੈ — ਜੇ ਤੂੰ ਕਦੇ ਵਤਨ ਨੂੰ ਮੁੜਿਓਂ— ਓ ਵਤਨੋਂ ਦੂਰ — ਮੁੰਡੇ ਤਾਂ ਇਹਨੂੰ...... ਸਾਗਰ ਦਾ ਗਲਾ ਭਰ ਆਇਆ। ਹੰਝੂ ਪਤੀਆਂ ਉਤੋਂ ਢਹਿੰਦੇ ਤ੍ਰੇਲ-ਤੁਪਕਿਆਂ ਵਾਂਗੂ ਕਿਰਨ ਲਗੇ। ਪ੍ਰੀਨਾਂ ਪਿਉ ਦੇ ਗਲ ਨੂੰ ਚੰਬੜ ਗਈ — "ਬਾਪੂ - ਬਾਪੂ"

ਏਕਾ ਏਕੀ ਕੁਝ ਸਿਪਾਹੀ ਉਹਨਾਂ ਨੂੰ ਅਗਾੜੀਓਂ ਆਉਂਦੇ ਦਿਸੇ। ਤਿੰਨੇ ਸਹਿਮ ਗਏ। ਸਿਪਾਹੀ ਹੋਰ ਨੇੜੇ ਆ ਪਹੁੰਚੇ। ਝਟ ਹੀ ਹਿੰਦੀ ਖੜਾ ਹੋ ਗਿਆ, ਜੀਕਰ ਭਜ ਜਾਣਾ ਹੁੰਦਾ ਹੈ। ਪਰ ਇਕ ਸਿਪਾਹੀ ਨੇ ਅਗੇ ਵਧ ਕੇ ਕਿਹਾ — "ਠਹਿਰ ਜਾ — ਭਗੌੜੇ — ਹੁਣ ਤੂੰ ਕਿਥੇ ਜਾਵੇਂਗਾ — ਹਿੰਦੀ।"

ਕਿਸੇ ਦੇ ਮੂੰਹੋਂ ਕੁਝ ਨਾ ਨਿਕਲਿਆ। ਸਿਪਾਹੀਆਂ ਨੇ ਹਿੰਦੀ ਨੂੰ ਅੱਖ ਦੇ ਫੋਰ ਵਿਚ ਜਕੜ ਲਿਆ — ਪੁੰਨਾਂ ਨੇ ਇਕ ਕਲਕਾਰੀ ਮਾਰੀ, ਤੇ ਉਹ ਲਾਜਵੰਤੀ ਦੇ ਫੁਲ ਵਾਂਗੂ ਮੁਰਝਾ ਕੇ ਭੋਂ ਤੇ ਢਹਿ ਪਈ। ਸਿਪਾਹੀ ਹਿੰਦੀ ਨੂੰ ਲੈ ਕੇ ਚਲਦੇ ਬਣੇ। ਕੈਦੀ ਭੌਂ ਭੌਂ ਪਿਛਾਂਹ ਨੂੰ ਤਕਦਾ ਸੀ।

ਸਾਗਰ ਨੇ ਪ੍ਰੀਨਾਂ ਨੂੰ ਚੁਕਿਆ। ਪੋਟਿਆਂ ਨਾਲ ਉਹਦੀਆਂ ਅੱਖਾਂ ਪਲੋਸੀਆਂ। ਜਦੋਂ ਉਹ ਸੁਧ ਵਿਚ ਹੋਈ ਤਾਂ ਉਸ ਏਧਰ ਓਧਰ ਝਾਕਿਆ-

51