ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠਾ ਡੂੰਘਾਈਆਂ ਨਾਲ ਵਿੰਹਦਾ ਰਹਿੰਦਾ ਸੀ। ਓਹਦੇ ਦਿਲ ਅੰਦਰ ਕਿਸੇ ਟਿਕੇ ਹੋਏ ਸਾਗਰ ਦੀ ਗੰਭੀਰਤਾ ਬੰਦ ਸੀ ਤੇ ਅੱਖਾਂ ਵਿਚ ਕੋਈ ਤਸੱਵਰ। ਲੋਕੀਂ ਉਹਨੂੰ ਚੁਪੀਤਾ ਆਂਹਦੇ ਹੁੰਦੇ ਹਨ। ਕੁੜੀਆਂ ਦਾ ਝੁੰਡ ਰੌਲਾ, ਖਿੱਲੀਆਂ ਤੇ ਛੇੜਾਂ ਉਹਦੇ ਟਿਕਾਓ ਨੂੰ ਕੋਈ ਹਿਲੋਰਾ ਤਾਂ ਦਿੰਦੀਆਂ ਸਨ, ਪਰ ਤਲਖ਼ ਨਹੀਂ ਸਗੋਂ ਮਿਠਾ ਜਿਹਾ। ਓਹਦੇ ਅੰਦਰੋਂ ਫੁਹਾਰ ਜਿਹੀ ਕਿਰਨ ਡਹਿ ਪੈਂਦੀ ਸੀ। ਕਦੇ ਕਦੇ ਕੁੜੀਆਂ ਨੂੰ ਝੂਟਦੀਆਂ ਤਕ ਕੇ ਕੋਈ ਤਰੰਗ ਜਿਹਾ ਓਹਦੇ ਅੰਦਰੋਂ ਨਿਕਲਦਾ, ਜੀਹਦੇ ਕਢਣ ਲਈ ਓਹਦੇ ਕੋਲ ਸ਼ਬਦ ਤੇ ਨਹੀਂ ਸਨ ਹੁੰਦੇ, ਪਰ ਦੋ ਚਾਰ ਕਾਹਲੀਆਂ ਟਿਚਕਰਾਂ ਬੌਲਦਾਂ ਨੂੰ ਮਾਰ ਕੇ ਮਨ ਹੌਲਾ ਕਰ ਲੈਂਦਾ ਸੀ। ਉਹ ਕਿਸੇ ਨੂੰ ਕੁਝ ਨਹੀਂ ਸੀ ਆਂਹਦਾ, ਇਸੇ ਲਈ ਪਿੰਡ ਦੇ ਮੁੰਡੇ ਕੁੜੀਆਂ ਓਹਦੇ ਖੂਹ ਨੂੰ ਆਪਣੇ ਘਰ ਵਾਂਗੂ ਸਮਝਦੇ ਸਨ ਤੇ ਓਹਦੇ ਕੋਲੋਂ ਕੋਈ ਸੰਗ ਸੰਗਾਓ ਨਹੀਂ ਸਨ ਕਰਦੇ।

ਇਕ ਦਿਨ ਕੁੜੀਆਂ ਪੀਂਘ ਝੂਟ ਤੇ ਘੜੇ ਭਰ ਕੇ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੀਆਂ ਸਨ, ਪਰ ਬੀਤੋ ਕਿਸੇ ਘਰੋਗੀ ਰੁਝੇਵੇਂ ਦੇ ਕਾਰਣ ਪਛੜ ਗਈ ਸੀ। ਉਹ ਸਾਰੀਆਂ ਦੇ ਜਾਣ ਮਗਰੋਂ ਖੂਹ ਤੇ ਆਈ। ਖੂਹ ਦੀ ਡਿਗਦੀ ਨਸਾਰ ਕੋਲ ਬਹਿ ਕੇ ਉਹ ਘੜਾ ਕੂਚਣ ਬਹਿ ਪਈ। ਜੱਗਾ ਗਾਧੀ ਤੇ ਬੈਠਾ ਬੌਲਦ ਹਿਕ ਰਿਹਾ ਸੀ। ਹੋਰ ਓਥੇ ਕੋਈ ਵੀ ਨਹੀਂ ਸੀ।

ਸੂਰਜ ਫੇਰ ਉਤਾਂਹ ਚੜ੍ਹ ਆਇਆ ਸੀ। ਪੰਛੀਆਂ ਦਾ ਚੀਕ ਚਿਹਾੜਾ ਮਕ ਚੁੱਕਾ ਸੀ। ਪਿੰਡ ਦਾ ਰੌਲਾ ਗੌਲਾ ਮੱਠਾ ਪੈ ਗਿਆ ਸੀ। ਫ਼ਿਜ਼ਾ ਵਿਚ ਇਕ ਖ਼ਾਮੋਸ਼ੀ ਜੇਹੀ ਸੁੱਤੀ ਲਭਦੀ ਸੀ। ਜੱਗੇ ਦੇ ਖੂਹ ਦੀ ਰੂੰ ਰੂੰ ਦੂਰ ਤਕ ਸੰਗੀਤ ਦੇ ਤਰਾਨਿਆਂ ਵਾਂਗ ਪਈ ਗੂੰਜਦੀ ਸੀ। ਬੀਤੋ ਨਸਾਰ ਅੱਗੇ ਘੜੇ ਭਰ ਰਹੀ ਸੀ। ਪੂਰੇ ਦਾ ਕੋਈ ਕੋਈ ਸਖ਼ਤੇਰਾ ਬੁੱਲਾ

ਓਹਦੀ ਤਰਬੂਜ਼ੀਆ ਚੁੰਨੀ ਨੂੰ ਸਿਰੋਂ ਲਾਰ ਕੇ ਮੋਢਿਆਂ ਤੇ ਸੁੱਟ ਘੱਤਦਾ ਸੀ ਤੇ ਉਹਦੀਆਂ ਲਿਟਾਂ ਗਲ੍ਹਾਂ ਪਰ ਲਹਿ ਲਹਿ ਕਰਨ ਲੱਗ ਪੈਂਦੀਆਂ

60