ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਜੜੀ

ਲਹਿੰਦੇ ਵਲ ਪਿੰਡ ਦੀ ਜੂਹ ਤੋਂ ਪਰੇ ਇਕ ਖੁਲ੍ਹੀ ਚਰਾਂਦ ਹੈ। ਕੋਲੋਂ ਦੀ ਇਕ ਚੌੜੀ ਨਦੀ ਵਗਦੀ ਹੈ। ਵਾਗੀਆਂ ਦੇ ਡੰਗਰ, ਆਜੜੀਆਂ ਦੀਆਂ ਭੇਡਾਂ, ਬਕਰੀਆਂ ਸਾਲ ਦੀ ਕਿਸੇ ਵੀ ਰੁੱਤੇ ਉਥੇ ਚਰਦੀਆਂ ਮਿਲਣਗੀਆਂ। ਕਦੇ ਬਾਗੜੀਏ ਜਾਂ ਟਪਰੀ ਵਾਸ ਵੀ ਉੱਥੇ ਆ ਲਹਿੰਦੇ ਹੁੰਦੇ ਹਨ, ਨਾਲ ਭੇਡਾਂ, ਊਠ ਤੇ ਹੋਰ ਡੰਗਰ ਹੁੰਦੇ ਹਨ। ਅਜ ਕਲ ਵੀ ਟਪਰੀਵਾਸਾਂ ਦਾ ਇਕ ਕਾਫ਼ਲਾ ਉਥੇ ਲਥਾ ਹੋਇਆ ਸੀ।

ਵੇਲਾ ਤ੍ਰਿਕਾਲਾਂ ਦਾ ਸੀ। ਪਿੰਡ ਦੀਆਂ ਕੁੜੀਆਂ ਨਦੀ ਤੋਂ ਪਾਣੀ ਪਈਆਂ ਭਰਦੀਆਂ ਸਨ। ਸੂਰਜ ਦੀ ਛੇਕੜਲੀ ਲਾਲੀ ਨੇ ਜਿੱਥੇ ਪਹਿਲਾਂ ਬਦਲੀਆਂ ਤੇ ਮੁੜ ਥਲੇ ਪਾਣੀਆਂ ਨੂੰ ਚਿਤ੍ਰ ਘੜਿਆ ਸੀ ਉਥੇ ਕੁੜੀਆਂ ਦੇ ਮੂੰਹਾਂ ਵੀ ਉਸ ਆਪਣੀ ਆਖਰੀ ਬਰਕਣ ਸੁਟੀ। ਅੱਖਾਂ, ਬੁਲ੍ਹ, ਗਲਾਂ, ਵਾਲ ਉਨ੍ਹਾਂ ਦੇ ਇਕ ਦਮ ਸ਼ੋਖ ਬਣ ਉਠੇ। ਉਹ ਕੰਢੇ ਤੇ ਬੈਠੀਆਂ ਆਪੋ ਵਿਚ ਚੁਹਲ ਕਰਦੀਆਂ ਸਨ। ਕਦੇ ਇਕ ਦੂਜੀ ਤੇ ਛਿੱਟਾਂ ਮਾਰਦੀ,

੭੭