ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੜਦੀ ਸਗੋਂ ਬਾਹਰ ਨਿਕਲ ਗਈ – "ਪਰ ਮੈਂ ਕੱਲੀ ਹਾਂ ਭਾਂਡੇ ਮਾਂਜਣੇ ਨੇ - ਤੇ ਫੇਰ ਹੋਰ ਘਰ ਦਾ ਧੰਦਾ - ਮਾਂ ਨੇ ਖਬਰੇ ਕਦੋਂ ਮੁੜਨਾ ਏ?" ਉਹ ਖਲੋ ਗਈ। ਏਨੇ ਨੂੰ ਲ੍ਯਾ ਵਿਚ ਤ੍ਰੰਗ ਭਰ ਗਏ। ਉਹ ਫੇਰ ਆਉਂਦੀ ਵਾਜ ਵਾਲੇ ਪਾਸੇ ਚਲ ਪਈ। – “ਮਾਂ ਹੁਣ ਤੀਕਰ ਨਹੀਂ ਆਈ - ਮੱਝਾਂ ਵੀ ਚੋਣੀਆਂ ਨੇ"

"ਤੂੰ ਕਿਧਰ ਲੱਗੀ ਜਾਨੀ ਏਂ ?" ਓਹਦੇ ਅੰਦਰੋਂ ਜ਼ਮੀਰ ਬੋਲੀ।

"ਬੰਸਰੀ ਸੁਣਨ ਤੇ ਨਹੀਂ – ਮਾਂ ਨੂੰ ਸੱਦਣ" ਤੇ ਓਸ ਕਾਹਲੀ ਕਾਹਲੀ ਕਦਮ ਪੁਟਣੇ ਸ਼ੁਰੂ ਕਰ ਦਿਤੇ। ਅਗੇ ਮਿਹਰੂ ਇਕ ਜੁਡ਼ੇ ਪਿੜ ਵਿਚ ਖਲੋਤਾ ਬੰਸਰੀ ਵਜਾ ਰਿਹਾ ਸੀ। ਖੇਮੀ ਪਿੜੋਂ ਰਤਾ ਦੂਰ ਇਕ ਪਿਪਲ ਨਾਲ ਢੋ ਲਾ ਕੇ ਖਲੋ ਗਈ। ਮਿਹਰੂ ਨੇ ਭੀੜ ਵਿਚੋਂ ਦੀ ਖੇਮੀ ਨੂੰ ਤਾੜ ਲਿਆ। ਜਦੋਂ ਉਹ ਬੰਸਰੀ ਵਜੌਂਦਾ ਵਜੌਂਦਾ ਦੂਰ ਖਲੋੜੀ ਖੇਮੀ ਦੀਆਂ ਅੱਖਾਂ ਵਿਚ ਤਕਦਾ ਤਾਂ ਖੇਮੀ ਏਧਰ ਓਧਰ ਅਖਾਂ ਫੇਰ ਘਤਦੀ, ਜੀਕਰ ਉਹ ਕੁਝ ਸੁਣ ਹੀ ਨਹੀਂ ਰਹੀ ਹੁੰਦੀ। ਪਰ ਜਦੋਂ ਉਹ ਦੂਜੇ ਪਾਸੇ ਮੂੰਹ ਕਰਦਾ, ਤੇ ਬੰਸਰੀ ਦੇ ਛੇਕਾਂ ਪਰ ਉਂਗਲਾਂ ਨਚਾਂਦਾ ਤਾਂ ਖੇਮੀ ਇਉਂ ਜਾਪਦਾ ਜੀਕਰ ਉਹ ਉਹਦੇ ਦਿਲ ਦੀ ਕਿਸੇ ਤਾਰ ਨੂੰ ਟੁਣਕਾ ਰਿਹਾ ਹੁੰਦਾ ਹੈ।

ਓੜਕ ਬੰਸਰੀ ਬੰਦ ਹੋਈ। ਪਿੜ ਵਿਛੜ ਗਿਆ, ਮੁੜੇ ਜਾਂਦੇ ਲੋਕ ਖੇਮੀ ਨੂੰ ਇੰਜ ਜਾਪਣ ਜੀਕਰ ਉਹ ਉਹਨੂੰ ਪੁਛ ਰਹੇ ਹੁੰਦੇ ਨੇ "ਤੂੰ ਏਥੇ ਕਿਉਂ ਆਈ ਏਂ?" ਛੇਤੀ ਹੀ ਮਗਰੋਂ ਉਹਦਾ ਕਿਸੇ ਮੋਢਾ ਛੁਹਿਆ। ਉਸ ਧੌਣ ਭੁਆਈ। ਉਹਦੀ ਇਕ ਸਹੇਲੀ ਸੀ।

"ਤੂੰ ਏਥੇ ਖਲੋੜੀ ਏਂ?" ਸਹੇਲੀ ਨੇ ਪੁਛਿਆ।

"ਤੈਨੂੰ ਵੇਖ ਕੇ ਖਲੋ ਗਈ ਸਾਂ।"

"ਨੀ ਇਹ ਮੁੰਡਾ ਉਹੋ ਹੈ ਨਾ ਜਿਹੜਾ ਬਸਰੀ ਵਜੌਂਦਾ ਹੁੰਦਾ ਹੈ?" ਸਹੇਲੀ ਨੇ ਮੁੜ ਪੁਛਿਆ।

"ਹਾਂ ਅਗੇ ਬਾਹਰ ਹੀ ਹੁੰਦਾ ਸੀ – ਹੁਣ ਅੰਦਰ ਆ ਗਿਆ ਹੈ -

੮੩