ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਮਿਹਰੂ ਨੂੰ ਇੰਜ ਜਾਪਦਾ ਜੇਕਰ ਖੇਮੀ ਦੀਆਂ ਅੱਖਾਂ 'ਚੋਂ ਓਹਦੇ ਵਲ ਕੁਝ ਆ ਰਿਹਾ ਹੁੰਦਾ ਏ। ਉਹਨੂੰ ਖੇਮੀ ਤੇ ਆਪਣੇ ਵਿਚ - ਕਾਰਲਾ ਪੁਲਾੜ ਕਿਸੇ ਖਿੱਚ ਨਾਲ ਭਰਿਆ ਭਾਸਦਾ। ਉਹ ਅਗੇ ਹੋ ਕੇ ਬਦੋ ਬਦੀ, ਘੜਾ ਖੇਮੀ ਦੇ ਸਿਰ ਤੇ ਰਖ ਦਿੰਦਾ। ਖੇਮੀ ਬੇ-ਮਲੂਮਾ ਜਿਹਾ ਬੁੱਲ੍ਹਾਂ ਵਿਚ ਕੁਝ ਬੋਲਦੀ ਬੋਲਦੀ ਚਲੀ ਜਾਂਦੀ।

ਇਕ ਦਿਨ ਉਹ ਵੇਹੜੇ ਵਿਚ ਚਰਖੇ ਤੇ ਬੈਠੀ ਹੋਈ ਸੀ। ਜਦੋਂ ਤੰਦ ਕਢਦੀ ਹੋਈ ਹੱਥੀ ਨੂੰ ਜ਼ੋਰ ਦਾ ਗੇੜਾ ਦੇਂਦੀ ਤਾਂ ਚਰਖੇ ਵਿਚੋਂ ਘੂਕਰ ਜਿਹੀ ਉਪਜਦੀ। ਖੇਮੀ ਨੂੰ ਉਹ ਘੂਕਰ ਵਸਦੀ ਬੰਸਰੀ ਵਾਂਗ ਸੁਣਾਈ ਦੇਣ ਲਗੀ। ਓਹਦਾ ਜਿਗਰ ਖੁੱਸਣ ਲਗਾ, ਉਹ ਤੰਦ ਖਿੱਚਦੀ ਪਰ ਪੂਣੀ ਵਾਲੀ ਚੁਟਕੀ ਢਿਲੀ ਹੋ ਜਾਂਦੀ ਤੇ ਬਾਂਹ ਉਤਾਂਹ ਉਲਰਨੋਂ ਰਹਿੰਦੀ ਗਈ। ਅੱਕ ਕੇ ਉਸ ਚਰਖਾ ਠੱਪ ਘਤਿਆ – "ਹਾਏ ਰੱਬਾ ਇਹ ਆਜੜੀ ਨਾ ਆਉਂਦਾ ਸਾਡੀ ਜੂਹ ਉਤੇ - ਅੱਗ ਲਗੇ ਇਹਦੀ ਬੰਸਰੀ ਨੂੰ – ਮੇਰੇ ਚਰਖੇ ਵਿਚ ਵੀ ਅਜ ਓਹੋ ਪਈ ਬੋਲਦੀ ਹੈ। — ਮਿਹਰੂ ਦੀ ਬੰਸਰੀ।"


ਮਿਹਰੂ ਦੀ ਬੰਸਰੀ ਲਾਗੇ ਚਾਗੇ ਪਿੰਡਾਂ ਵਿਚ ਚੋਖੀ ਧੁਮ ਚੁੱਕੀ ਹੋਈ ਸੀ। ਲੋਕੀਂ ਸੱਦ ਸੱਦ ਕੇ ਮਿਹਰੂ ਕੋਲੋਂ ਬੰਸਰੀ ਸੁਣਿਆ ਕਰਦੇ ਸਨ। ਕਹਿੰਦੇ ਸਨ ਓਹੋ ਜਿਹੀ ਬੰਸਰੀ ਉਨ੍ਹਾਂ ਜ਼ਿੰਦਗੀ ਵਿਚ ਪਹਿਲੀ ਵਾਰ ਹੀ ਸੁਣੀ ਸੀ।

ਲੋਂਢੇ ਵੇਲੇ ਖੇਮੀ ਆਪਣੇ ਘਰ ਭਾਂਡੇ ਪਈ ਮਾਂਜਦੀ ਸੀ। ਓਹਦੀ ਮਾਂ ਕਿਸੇ ਦੇ ਘਰ ਗਈ ਹੋਈ ਸੀ। ਏਕਾ ਏਕੀ ਖੇਮੀ ਠਠਕ ਗਈ। ਕੋਈ ਪਛਾਣ ਵਾਲੀ ਵਾਜ ਓਹਦੇ ਕੰਨਾਂ ਨੂੰ ਛੁਹੀ। ਉਹ ਭੱਜ ਕੇ ਅਗੇ ਆਈ। ਅਵਾਜ਼ ਬੰਸਰੀ ਦੀ ਸੀ। ਉਸ ਪਿਛਾਂਹ ਮੁੜਨ ਦਾ ਯਤਨ ਕੀਤਾ ਕਿ ਭਾਂਡੇ ਮਾਂਜੇ। ਪਰ ਬੰਸਰੀ ਦੀਆਂ ਸੁਰਾਂ ਖਿੱਚਵੀਆਂ ਹੋ ਗਈਆਂ। ਉਹ ਮੁੜਦੀ

੮੨