ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਜੋਂਦਾ ਦਿਸਦਾ। ਉਹ ਖੇਮੀ ਨੂੰ ਵਿੰਹਦਿਆਂ ਸਾਰ ਹੌਲੀ ਲਯ ਏਡੀ ਮਹੀਨ ਖਿਚਦਾ ਕਿ ਓਹਦੀਆਂ ਬਕਰੀਆਂ ਵੀ ਓਹਦੇ ਦੁਆਲੇ ਝੁਰਮਟ ਪਾ ਖਲੋਂਦੀਆਂ। ਖੇਮੀ ਹਥੋਂ ਘੜਾ ਛਟ ਜਾਂਦਾ। ਓਹਦਾ ਮਨ ਬੰਸਰੀ ਦੇ ਤ੍ਰਾਨਿਆਂ ਵਿਚ ਫਸ ਕੇ ਵਿਲਕ ਉਠਦਾ। ਜਦੋਂ ਮਿਹਰੂ ਹੋਕ ਨੂੰ ਲੰਮਕਾ ਕੇ ਓਹਦੇ ਵਿਚ ਉਤ੍ਰਾ ਚੜ੍ਹਾ ਭਰਦਾ ਤਾਂ ਖੇਮੀ ਦਾ ਦਿਲ ਨਦੀਂ ਦੀਆਂ ਲਹਿਰਾਂ ਵਾਂਗ ਡਕੇ ਡੋਲੇ ਖਾਣ ਲਗ ਜਾਂਦਾ। ਉਹ ਪੱਥਰ ਦੀ ਸਿਲ ਵਾਂਗ ਗੱਡੀ ਜਾਂਦੀ। ਕਈ ਵਾਰੀ ਮਿਹਰੂ ਬਕਰੀਆਂ ਲੈ ਕੇ ਦੂਰ ਨਿਕਲ ਜਾਂਦਾ – ਦੂਰ ਜਿਥੇ ਬੱਦਲ ਨਦੀ ਦੇ ਪਾਣੀ ਨੂੰ ਛੂੰਹਦੇ ਹੁੰਦੇ ਸਨ -- ਓਹਦੀ ਬੰਸਰੀ ਦੀ ਵਾਜ ਮੱਧਮ ਹੁੰਦੀ ਹੁੰਦੀ ਓੜਕ ਪੌਣ ਵਿਚ ਹੀ ਜਜ਼ਬ ਹੋ ਜਾਂਦੀ। ਖੇਮੀ ਹੋਰ ਨੀਝ ਗਡ ਕੇ ਵੇਖਦੀ। ਓਹਨੂੰ ਇੰਜ ਜਾਪਦਾ ਜਾਣੀਦਾ ਮਿਹਰੂ ਕਿਸੇ ਬੱਦਲ ਦੇ ਓਹ- ਲਿਓਂ ਦੀ ਅਕਾਸ਼ ਉਤੇ ਚੜ੍ਹ ਗਿਆ ਹੈ – "ਘੁਸਮੁਸਾ ਹੋ ਚੁਕਾ ਹੈ ਘਰ ਮਾਂ ਉਡੀਕਦੀ ਹੋਵੇਗੀ – ਮੈਂ ਕਿਉਂ ਖਲੋਤੀ ਰਹੀ ਏਨਾ ਚਿਰ -- ਭਲਕੇ ਜੇ ਮਿਹਰੂ ਏਥੇ ਆਇਆ, ਤਾਂ ਮੈਂ ਓਹਦੀ ਬੰਸਰੀ ਖੋਹ ਕੇ ਪਾਣੀ ਵਿਚ ਵਗਾਹ ਮਾਰਾਂਗੀ – ਵਡਾ ਕਾਨ੍ਹ ਨਾ ਹੋਵੇ ਤਾਂ।"

ਕਦੇ ਖੇਮੀ ਤੇ ਮਿਹਰੂ ਦਾ ਨਦੀ ਤੇ ਮੇਲ ਹੋ ਜਾਂਦਾ। ਜਿੰਨਾ ਚਿਰ ਮਿਹਰੂ ਦੁਰਾਡੇ ਜਿਹੇ ਬਹਿ ਕੇ ਬੰਸਰੀ ਵਜੋਂਦਾ ਰਹਿੰਦਾ ਖੇਮੀ ਮੂਰਤ ਵਾਂਗ ਖਲੋਤੀ ਸੁਣਦੀ ਰਹਿੰਦੀ। ਜੇ ਵਿਚ ਵਿਚਾਲੇ ਕਦੇ ਮਿਹਰੂ ਤਾਨ ਤੋੜਦਾ ਤਾਂ ਖੇਮੀ ਤੜਫ ਜਾਂਦੀ, ਜੀਕਰ ਉਹਨੂੰ ਛੁਰੀ ਦਾ ਟੱਕ ਵੱਜਾ ਹੁੰਦਾ ਏ। ਏਵੇਂ ਖਲੋਤਿਆਂ ਤਾਰੇ ਵੀ ਨਿਕਲ ਆਉਂਦੇ। ਮਿਹਰੂ ਓੜਕ ਬੰਸਰੀ ਬੰਦ ਕਰਦਾ ਖੇਮੀ ਖਸਿਆਨੀ ਜਿਹੀ ਹੋ ਕੇ ਭਰਿਆ ਘੜਾ ਚੁਕਣ ਲਈ ਝੁਕਦੀ ਪਰ ਚੁਕਿਆ ਨ ਜਾਂਦਾ। ਕਦੇ ਮਿਹਰੂ ਹੀ ਕੋਲ ਆ ਕੇ ਸਹਾਇਤਾ ਪੇਸ਼ ਕਰਦਾ ਪਰ ਖੇਮੀ ਨਾਂਹ ਕਰ ਕੇ ਆਖਦੀ, "ਮੈਂ ਨਹੀਂ ਚੁਕਾਣਾ ਓਪਰੇ ਤੋਂ ਘੜਾ - ਵਡਾ ਬੰਸਰੀ ਵਾਲਾ - ਮੈਂ ਤੈਨੂੰ ਕੁਆਇਆ ਏ ਕੋਈ – ਕੇਡੇ ਢੀਠ ਹੁੰਦੇ ਨੇ ਮਰਦ ਬਿਨ ਬੁਲਾਏ ........"

੮੧