ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜ੍ਹੇ ਜਿਹੇ ਸ਼ੰਕਿਆਂ ਦਾ ਜਵਾਬ

੧੦੩

ਇਸ ਦਾ ਭਾਵ ਹੈ ਕਿ ਜ਼ਮੀਨ ਦੀ ਨਿਜੀ ਮਾਲਕੀ ਅਸਾਂ ਨੇ ਨਹੀਂ ਮਨੀ। ਭੂਮੀਦਾਨ ਯੁੱਗ ਦਾ ਭੂਮੀ ਸਬੰਧੀ ਅੰਤਮ ਨਿਸ਼ਾਨਾ ਹੈ, ਪਿੰਡ ਦੀ ਸਾਰੀ ਜ਼ਮੀਨ ਨੂੰ ਪਿੰਡ ਦੀ ਮਲਕੀਅਤ ਬਨਾਉਣਾ। ਪਰ ਇਹ ਕਦਮ ਅਸੀਂ ਇਕ ਦੰਮ ਨਹੀਂ ਉਠਾ ਰਹੇ ਹਾਂ। ਕਿਉਂਕਿ ਸਾਡਾ ਕੰਮ ਕਰਨ ਦਾ ਤਰੀਕਾ ਵਿਚਾਰ ਇਨਕਲਾਬ ਦਾ ਤਰੀਕਾ ਹੈ ਇਸ ਲਈ ਪਹਿਲੇ ਸਵਾਲ ਨੂੰ ਅਸਾਂ ਹਥ ਵਿਚ ਲਿਆ ਹੈ। ਇਹ ਸਵਾਲ ਹੈ ਪਿੰਡ ਦੇ ਬੇਜ਼ਮੀਨ ਮਜ਼ਦੂਰਾਂ ਦਾ, ਇਸ ਦੇ ਵਿਚ ਪਹਿਲਾਂ ਸਭ ਲਈ ਲੋੜੀਂਦੀ ਜ਼ਮੀਨ ਮੁਹੀਆ ਕਰਾਉਣੀ ਹੈ। ਸਾਰੇ ਦੇਸ਼ ਤੋਂ ਔਸਤਨ ਛੇਵਾਂ ਹਿੱਸਾ ਪ੍ਰਾਪਤ ਹੋ ਜਾਣ ਨਾਲ ਬੇਜ਼ਮੀਨਾਂ ਦਾ ਸਵਾਲ ਹਲ ਹੋ ਜਾਂਦਾ ਹੈ। ਇਹ ਅਸਾਂ ਪਿਛਲੇ ਪਰਸੰਗਾਂ ਵਿਚ ਵੀ ਵੇਖਿਆ ਹੈ। ਇਸ ਸਵਾਲ ਨੂੰ ਹਲ ਕਰਨ ਵਿਚ ਅਸੀਂ ਇਹ ਖਿਆਲ ਵੀ ਮੁਖ ਰਖਿਆ ਹੈ ਕਿ ਹਰ ਇਕ ਘਰ ਇਕ ਹੋਰ ਵਿਆਪਕ ਪਰਵਾਰ ਦਾ ਅੰਗ ਮੰਨਿਆਂ ਜਾਵੇ ਅਤੇ ਵਿਆਪਕ ਪਰਵਾਰ ਲਈ ਉਸ ਦੇ ਹੱਕ ਦਾ ਛੇਵਾਂ ਹਿੱਸਾ ਪ੍ਰਾਪਤ ਹੋਵੇ।

ਇਸ ਦੇ ਬਾਅਦ ਸਾਡੀ ਦੂਜੀ ਮੰਗ ਹੈ ਕਿ ਜਿੰਨੀ ਜ਼ਮੀਨ ਤੁਸੀਂ ਖੁਦ ਵਾਹ ਸਕਦੇ ਹੋ ਓਨੀ ਹੀ ਰਖੋ। ਬਾਕੀ ਜ਼ਮੀਨ ਤੁਸੀਂ ਪਿੰਡ ਦੇ ਸਮਾਜ ਨੂੰ ਅਰਪਨ ਕਰ ਦਿਉ। ਪਿੰਡ ਸਮਾਜ ਇਸ ਤਰ੍ਹਾਂ ਪ੍ਰਾਪਤ ਹੋਣ ਵਾਲੀ ਜ਼ਮੀਨ ਘਟ ਜ਼ਮੀਨ ਵਾਲਿਆਂ ਨੂੰ ਦੇਵੇਗਾ ਅਤੇ ਉਨ੍ਹਾਂ ਬੇਜ਼ਮੀਨਾਂ ਨੂੰ ਦੇਵੇਗਾ ਜਿਨ੍ਹਾਂ ਨੂੰ ਹੁਣ ਤਕ ਇਹ ਨਾ ਮਿਲੀ ਹੋਵੇ। ਇਹ ਮੰਗ ਉਨ੍ਹਾਂ ਲੋਕਾਂ ਕੋਲੋਂ ਹੀ ਹੈ ਜਿਨ੍ਹਾਂ ਕੋਲ ਛੇਵਾਂ ਹਿੱਸਾ ਦੇ ਕੇ ਵੀ ਵਾਧੂ ਜ਼ਮੀਨ ਬਚ ਜਾਂਦੀ ਹੈ। ਇਹ ਮੰਗ ਵੀ ਅਸੀਂ ਉਨਾਂ ਦੇ ਸਾਹਮਣੇ ਵਿਚਾਰਾਂ ਦੀ ਤਬਦੀਲੀ ਦੁਆਰਾ ਹੀ ਰਖਦੇ ਹਾਂ ਅਤੇ ਕਹਿੰਦੇ ਹਾਂ ਕਿ ਜਿਥੇ ਤੁਸੀਂ ਜ਼ਮੀਨ ਦੀ ਮਾਲਕੀ ਆਪਣੇ ਆਪ ਹੀ ਤਿਆਗ ਦਿੱਤੀ ਹੈ, ਉਥੇ ਲੋੜ ਅਨੁਸਾਰ ਹੀ ਜ਼ਮੀਨ ਰਖਣ ਦੀ ਬੇਨਤੀ ਵੀ ਸਵੀਕਾਰ ਕਰ ਲਵੋ। ਛੇਵਾਂ ਹਿੱਸਾ ਪਰਾਪਤ ਕਰਨ ਦੇ ਬਾਅਦ ਦੀ ਹੀ ਇਹ ਗੱਲ ਹੈ। ਅੱਜ ਇਸ ਦਾ ਆਰੰਭ ਕਈ ਜਗ੍ਹਾ ਹੋ ਚੁਕਾ ਹੈ।