ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ ਬੰਦ

ਕਾਫੀ ਸਮੇਂ ਤੋਂ ਇਕ ਅਜਿਹੀ ਪੁਸਤਕ ਦੀ ਮੰਗ ਸੀ, ਜਿਸ ਵਿਚ ਭੂਦਾਨ ਲਹਿਰ ਸਬੰਧੀ ਜਾਣਕਾਰੀ ਸਿਲਸਲੇਵਾਰ, ਪ੍ਰਮਾਣੀਕ ਰੂਪ ਵਿਚ ਦਿਤੀ ਗਈ ਹੋਵੇ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਸੀ ਕਿ ਜਾਣਕਾਰੀ ਸੰਖੇਪ ਹੁੰਦਿਆਂ ਹੋਇਆਂ ਵੀ ਪੂਰਨ ਹੋਵੇ ਅਤੇ ਸਰਲ ਤਬ ਰੌਚਕ ਭਾਸ਼ਾ ਵਿਚ ਲਿਖੀ ਗਈ ਹੋਵੇ। ਇਹ ਮੰਗ ਬਹੁਤ ਹਦ ਤਕ ਇਸ ਪੁਸਤਕ ਦੁਆਰਾ ਦੂਰ ਹੋ ਜਾਂਦੀ ਹੈ। ਪਿਛਲੇ ਚਾਰ ਸਾਲਾਂ ਦਾ ਬਿਰਤਾਂਤ ਪਰਮਾਣੀਕ ਅਤੇ ਸੁਹਣੇ ਢੰਗ ਨਾਲ ਇਸ ਪੁਸਤਕ ਵਿਚ ਲਿਖਿਆ ਗਿਆ ਹੈ। ਵਰਨਣ ਵਿਚ ਸਜੀਵਤਾ ਹੈ ਅਤੇ ਅੰਦੋਲਨ ਦੀ ਸਿਧਾਂਤਕ ਅਤੇ ਵਿਚਾਰਕ ਭੂਮਕਾ ਦਾ ਅਤੇ ਇਕ ਸਾਰ ਇਨਕਲਾਬ ਦੇ ਤਰੀਕੇ ਦਾ ਵਰਨਣ ਜਾਣਕਾਰੀ ਭਰਪੂਰ ਅਤੇ ਪੂਰਨ ਹੈ।

ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਿੰਨੀ ਕਰਮਚਾਰੀਆਂ ਲਈ ਲਾਭਦਾਇਕ ਹੈ, ਓਨੀ ਹੀ ਪੜ੍ਹੇ ਨਗਰਵਾਸੀਆਂ ਲਈ ਅਤੇ ਪੇਂਡੂ ਜਨਤਾ ਲਈ ਵੀ ਹੈ। ਕਰਮਚਾਰੀਆਂ ਦੇ ਕੈਂਪਾਂ ਵਿਚ ਅਤੇ ਉਸਾਰੀ ਦੇ ਕੇਂਦਰਾਂ ਵਿਚ ਇਸ ਦੀ ਪੜ੍ਹਾਈ ਅਤੇ ਇਹਦੇ ਤੇ ਵਿਚਾਰ ਵਸੇਸ਼ ਰੂਪ ਵਿਚ ਹੋਣੀ ਚਾਹੀਦੀ ਹੈ।

ਪੁਸਤਕ ਦੇ ਲੇਖਕ ਭੂਦਾਨ ਅੰਦੋਲਨ ਦੇ ਇਕ ਹੋਣਹਾਰ ਨੌਜਾਵਨ, ਨਿਸਠਵਾਨ ਕਰਮਚਾਰੀ ਅਤੇ ਪ੍ਰਤਿਭਾਵਾਨ ਵਿਆਖਿਆਕਾਰ ਹਨ। ਦੇਸ਼ ਦੇ ਜਿਨ੍ਹਾਂ ਜਵਾਨ ਮਰਦ ਇਸਤਰੀਆਂ ਨੇ ਭੂਦਾਨ ਅੰਦੋਲਨ ਨੂੰ ਜਵਾਨੀ ਦੇ ਉਤਸ਼ਾਹ ਅਤੇ ਤੇਜ ਨਾਲ ਅਮੀਰ ਕੀਤਾ ਹੈ, ਉਸ ਦੇ ਵਿਚ ਉਨ੍ਹਾਂ ਦਾ ਇਕ ਪਰਮੁਖ ਸਥਾਨ ਹੈ। ਇਸ ਪੁਸਤਕ ਵਿਚ ਜੋ ਕੁਝ ਉਨ੍ਹਾਂ ਨੇ ਲਿਖਿਆ ਹੈ, ਓਨਾ ਹੀ ਪਰਤੱਖ ਅਨੁਭਵ ਵੀ ਹੈ। ਜੇ ਕੋਈ ਭੂਦਾਨ ਅੰਦੋਲਨ ਹੀ ਸਿਲਸਲੇਵਾਰ ਜਾਣਕਾਰੀ ਨਿਰੰਤਰ ਅਪਣੇ ਸੰਗ੍ਰਿਹ ਵਿਚ ਰਖਣਾ ਚਾਹੁੰਦਾ ਹੋਵੇ, ਤਾਂ ਉਸ ਨੂੰ ਇਹ ਪੁਸਤਕ ਜ਼ਰੂਰ ਰੱਖਣੀ ਚਾਹੀਦੀ ਹੈ ।

ਮੁਰਾਠਪੁਰ, ਗਯਾ,

ਦਾਦਾ

੯.੩.੫੫

ਧਰਮਾਧਿਕਾਰੀ