ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ।
ਬੋਹੜ ਦਾ ਬੂਟਾ ਛਾਂਗ ਛਾਂਗ ਗਮਲੇ ਵਿਚ ਲਾਈ ਜਾਂਦੇ ਨੇ।

ਤੋਤੇ ਵਾਂਗ ਰਟਾਉਂਦੇ ਬੋਲੀ, ਜੋ ਕੁਝ ਉਨ੍ਹਾਂ ਨੂੰ ਏ ਪੁੱਗਦਾ
ਚੂਰੀ ਬਦਲੇ ਕੀਹ ਕੁਝ ਸਾਡੇ ਮੂੰਹ ਵਿਚ ਪਾਈ ਜਾਂਦੇ ਨੇ।

ਕੁਝ ਲੋਕੀਂ ਤਾਂ ਕੀਮਖਾਬ ਤੇ ਰੇਸ਼ਮ ਪਾਉਂਦੇ ਨੇ ਔਖੇ,
ਉਹ ਵੀ ਤਾਂ ਇਨਸਾਨ ਜੋ ਤਨ ਦਾ ਮਾਸ ਹੰਢਾਈ ਜਾਂਦੇ ਨੇ।

ਕੁੱਲ ਦੁਨੀਆਂ ਦੀ ਇੱਕੋ ਮੰਡੀ ਸਿਰਜਣ ਵਾਲੇ ਵੇਖ ਲਵੋ,
ਬੰਦੇ ਦੀ ਰੂਹ ਅੰਦਰ ਧੁਰ ਤੱਕ ਲੀਕਾਂ ਪਾਈ ਜਾਂਦੇ ਨੇ।

ਪੁਤਲੀਗਰ ਪਏ ਨਾਚ ਨਚਾਉਂਦੇ, ਕਿੱਥੇ ਬੈਠੇ ਦਿਸਦੇ ਨਹੀਂ,
ਫ਼ਰਜ਼ਾਂ ਦੀ ਥਾਂ ਗ਼ਰਜ਼ਾਂ ਵਾਲੀ ਤਾਰ ਹਿਲਾਈ ਜਾਂਦੇ ਨੇ।

ਲਹਿ ਗਏ ਪਾਣੀ, ਮਾਲ੍ਹ ਤਰੀ ਹੈ, ਉੱਜੜ ਗਏ ਖ਼ੂਹ ਰੀਝਾਂ ਦੇ,
ਖ਼ਾਲੀ ਟਿੰਡਾਂ ਵਰਗੇ ਸੁਪਨੇ ਹੁਣ ਵੀ ਆਈ ਜਾਂਦੇ ਨੇ।

ਪਾਥੀਆਂ ਦੀ ਅੱਗ ਬਾਲ, ਤਪਾ ਕੇ, ਧਰਤੀ ਮਾਂ ਦੇ ਸੀਨੇ ਨੂੰ,
ਮੀਂਹ ਮੰਗਦੇ ਸ਼ਰਧਾਲੂ ਅੱਜ ਵੀ ਰੋਟ ਪਕਾਈ ਜਾਂਦੇ ਨੇ।

ਕੰਕਰੀਟ ਦੇ ਜੰਗਲ ਵਾਸੀ, ਅੰਦਰੋਂ ਹੋ ਗਏ ਨੇ ਪੱਥਰ,
ਬਿਰਧ ਘਰਾਂ ਦੀ ਕਰਨ ਉਸਾਰੀ, ਬਿਰਖ਼ ਮੁਕਾਈ ਜਾਂਦੇ ਨੇ।

ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦੇ,
ਪਿੰਡਾਂ ਵਾਲੇ ਜਦ ਸ਼ਹਿਰਾਂ ਵਿਚ ਕਰਨ ਕਮਾਈ ਜਾਂਦੇ ਨੇ।

ਮਨ ਤੰਦੂਰ/ 101