ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤਪਿਆ ਖਪਿਆ ਸੂਰਜ ਸ਼ਾਮੀਂ 'ਨੇਰ੍ਹੇ ਦੇ ਘਰ ਢਲ ਜਾਂਦਾ ਹੈ।
ਸਾਡੇ ਪਿੰਡ ਦਾ ਕਹਿਣਾ ਇਹ ਤਾਂ ਚੋਰਾਂ ਦੇ ਸੰਗ ਰਲ਼ ਜਾਂਦਾ ਹੈ।

ਮਿੱਟੀ ਦਾ ਕਲਬੂਤ ਵਿਚਾਰਾ, ਸਿਰ ਤੇ ਚੁੱਕ ਹੰਕਾਰ ਦੀ ਗੱਠੜੀ,
ਚਹੁੰ ਕਣੀਆਂ ਦੀ ਮਾਰ ਨਾ ਝੱਲੇ, ਖੜ੍ਹਾ ਖਲੋਤਾ ਗਲ਼ ਜਾਂਦਾ ਹੈ।

ਸਤਿਜੁਗ ਤੋਂ ਅੱਜ ਤੀਕ ਫਰੋਲੋ, ਸਦੀਆਂ ਦਾ ਇਤਿਹਾਸ ਪਛਾਣੋ,
ਸੋਨ-ਮਿਰਗ ਕਿਉਂ ਹਰ ਵਾਰੀ ਹੀ ਸੀਤਾ ਮਈਆ ਛਲ਼ ਜਾਂਦਾ ਹੈ।

ਦੁਸ਼ਮਣ ਦੀ ਨਾਭੀ ਵਿਚ ਸਿੱਧਾ ਤੀਰ ਨਿਸ਼ਾਨੇ ਤੇ ਨਹੀਂ ਲੱਗਦਾ,
ਏਸੇ ਕਰਕੇ ਬਿਰਖ਼ ਬਦੀ ਦਾ ਹੋਰ ਵਧੇਰੇ ਫ਼ਲ ਜਾਂਦਾ ਹੈ।

ਬਦਰੂਹਾਂ ਤੋਂ ਮੁਕਤੀ ਖ਼ਾਤਰ, ਨਾਟਕ ਦੀ ਥਾਂ ਹਿੰਮਤ ਕਰੀਏ,
ਸਦੀਆਂ ਤੋਂ ਕਾਗਜ਼ ਦਾ ਰਾਵਣ ਆਏ ਵਰ੍ਹੇ ਹੀ ਜਲ਼ ਜਾਂਦਾ ਹੈ।

ਸਾਡੇ ਵਿਚੋਂ ਬਹੁਤੇ ਲੋਕੀਂ ਚੁੱਪ ਰਹਿੰਦੇ ਨੇ, ਕੁਝ ਨਹੀਂ ਕਹਿੰਦੇ,
ਜਿਉਂ ਬਿੱਲੀ ਨੂੰ ਭਰਮ ਕਿ ਏਦਾਂ ਆਇਆ ਖ਼ਤਰਾ ਟਲ਼ ਜਾਂਦਾ ਹੈ।

ਸੱਚ ਬੋਲਣ ਤੋਂ ਡਰ ਜਾਂਦੇ ਹਾਂ, ਕੁਰਸੀ ਖ਼ਾਤਰ ਮਰ ਜਾਂਦੇ ਹਾਂ,
ਤਾਹੀਓਂ ਵਕਤ ਹਮੇਸ਼ਾਂ ਸਾਡੇ ਮੂੰਹ ਤੇ ਕਾਲਖ ਮਲ਼ ਜਾਂਦਾ ਹੈ।

ਮਨ ਤੰਦੂਰ/ 100