ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ।
ਅੱਖੀਆਂ ਦੀ ਮਜ਼ਬੂਰੀ ਮੈਥੋਂ, ਹੰਝ ਲੁਕਾ ਨਹੀਂ ਹੋਇਆ।

ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ,
ਸਾਥੋਂ ਇਕ ਵੀ ਹਾਉਕਾ ਦਿਲ ਵਿਚ ਦਰਦ ਪਚਾ ਨਹੀਂ ਹੋਇਆ।

ਆਈ ਆਜ਼ਾਦੀ ਢੋਲ ਵਜਾਵੇਂ, ਚਾਹਵੇਂ ਰਲ ਕੇ ਨੱਚੀਏ,
ਤੇਰੇ ਨਾਲ ਕਦੇ ਵੀ ਮਨ ਦਾ ਮੋਰ ਨਚਾ ਨਹੀਂ ਹੋਇਆ।

ਤੇਰੇ ਤੋਂ ਇਨਸਾਫ਼ ਮਿਲੇਗਾ, ਮੇਰੀ ਰੂਹ ਨਾ ਮੰਨੇ,
ਧੱਕੇ ਜਰਦੇ ਜਰਦੇ ਮੈਥੋਂ, ਮਨ ਸਮਝਾ ਨਹੀਂ ਹੋਇਆ।

ਤੇਰੇ ਝੂਠੇ ਲਾਰੇ ਤੇ ਵਿਸ਼ਵਾਸ ਕਰੇ ਹੁਣ ਕਿਹੜਾ,
ਜਦ ਕਿ ਤੈਥੋਂ ਅੱਜ ਤੱਕ ਇਕ ਵੀ ਬੋਲ ਪੁਗਾ ਨਹੀਂ ਹੋਇਆ।

ਚਾਰ ਚੁਫ਼ੇਰੇ ਦੁਸ਼ਮਣ ਫ਼ੌਜਾਂ, ਜੇ ਤੂੰ ਅੱਜ ਹੈਂ ਕੱਲ੍ਹਾ,
ਤੈਥੋਂ ਵੀ ਤਾਂ ਆਪਣਾ ਟੱਬਰ, ਗਲ ਨੂੰ ਲਾ ਨਹੀਂ ਹੋਇਆ।

ਦੇਸ਼ ਦੀ ਖ਼ਾਤਰ ਸੂਲੀ ਚੜ੍ਹ ਗਏ, ਅੰਬਰ ਤਾਰੇ ਬਣ ਗਏ,
ਸੂਰਮਿਆਂ ਦਾ ਅੱਜ ਤੱਕ ਸਾਥੋਂ, ਕਰਜ਼ ਚੁਕਾ ਨਹੀਂ ਹੋਇਆ।

ਰਾਵੀ ਦੇ ਉਰਵਾਰ ਪਾਰ ਹੜ੍ਹ ਚੜ੍ਹਿਆ ਲੋਕੀਂ ਡੁੱਬੇ,
ਆਜ਼ਾਦੀ ਦਾ ਤੋਹਫ਼ਾ ਸਾਥੋਂ ਕਦੇ ਭੁਲਾ ਨਹੀਂ ਹੋਇਆ।

ਮੱਥੇ ਤੇ ਕਾਲਖ ਦਾ ਟਿੱਕਾ, ਲਾ ਗਿਆ ਸੰਨ ਸੰਤਾਲੀ,
ਪੌਣੀ ਸਦੀ ਗੁਜ਼ਾਰ ਕੇ ਸਾਥੋਂ, ਇਹ ਵੀ ਲਾਹ ਨਹੀਂ ਹੋਇਆ।

ਮਨ ਤੰਦੂਰ/ 99