ਇਹ ਵਰਕਾ ਤਸਦੀਕ ਕੀਤਾ ਗਿਆ ਏ
ਜ਼ਿੰਦਗੀ ਖ਼ਾਤਰ ਹੁਣ ਕਿਉਂ ਆਪਾਂ ਮਰਦੇ ਨਈਂ।
ਜੋ ਚਾਹੀਦੈ, ਉਹ ਕਿਉਂ ਆਪਾਂ ਕਰਦੇ ਨਈਂ।
ਪੌਣੀ ਸਦੀ ਗੁਜ਼ਾਰ ਲਈ ਹੈ ਹੰਝੂਆਂ ਨੇ,
ਸੰਤਾਲੀ ਦੇ ਜ਼ਖ਼ਮ ਅਜੇ ਵੀ ਭਰਦੇ ਨਈਂ।
ਰਾਵੀ ਦੇ ਉਰਵਾਰ ਪਾਰ ਰੁੱਖ ਇੱਕੋ ਜਹੇ,
ਮੈਨੂੰ, ਤੈਨੂੰ ਇਹ ਕਿਉਂ ਛਾਵਾਂ ਕਰਦੇ ਨਈਂ।
ਸਿਖ਼ਰ ਦੁਪਹਿਰੇ ਡਾਕੂ ਤੱਕੀਏ, ਲੁਕ ਜਾਈਏ,
ਓਦਾਂ ਕਹੀਏ, ਅਸੀਂ ਕਿਸੇ ਤੋਂ ਡਰਦੇ ਨਈਂ।
ਹਾਉਕੇ ਭਰਦੀ, ਮਰਦੀ ਜ਼ਖ਼ਮੀ ਰੂਹ ਖ਼ਾਤਰ,
ਹਮਦਰਦੀ ਦੇ ਬੋਲ ਵੀ ਸਾਥੋਂ ਸਰਦੇ ਨਹੀਂ।
ਦੇਣ ਦਿਲਬਰੀ ਆਏ ਪਾਰ ਸਮੁੰਦਰਾਂ ਤੋਂ,
ਭੁੱਲੀਂ ਨਾ, ਇਹ ਬੰਦੇ ਆਪਣੇ ਘਰ ਦੇ ਨਈਂ।
ਲੀਕਾਂ ਦੀ ਰਖਵਾਲੀ ਕਰਦੇ ਰਹਿ ਗਏ ਆਂ,
ਚੋਰ ਲੁਟੇਰੇ ਤਾਹੀਓਂ ਸਾਥੋਂ ਡਰਦੇ ਨਈਂ।
ਮਨ ਤੰਦੂਰ/ 98