ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਡਾਲਰਾਂ ਦੇ ਅੱਗੇ ਮੁੱਲ ਘਟਿਆ ਰੁਪਈਆਂ ਦਾ।
ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ।

ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਉ-ਦੈਂਤ,
ਪਿੱਛੋਂ ਪਤਾ ਲੱਗਦੈ ਸਿਆਣੇ ਦੀਆਂ ਕਹੀਆਂ ਦਾ।

ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ,
ਢੇਰ ਹੈ ਫਰਿੱਜ ਵਿਚ ਬੇਹੀਆਂ ਤਰ ਬੇਹੀਆਂ ਦਾ।

ਘੜ ਨਾ ਬਹਾਨੇ, ਤੁਰ ਕਾਫ਼ਲੇ ਦੇ ਨਾਲ-ਨਾਲ,
ਬਣੀਂ ਨਾ ਪੁਜਾਰੀ ਵੀਰਾ, ਪਿੱਛੇ ਪੈੜਾਂ ਰਹੀਆਂ ਦਾ।

ਮੁੱਲ ਕਦੇ ਮੰਗਿਆ, ਸ਼ਹੀਦਾਂ ਨਾ ਮੁਰੀਦਾਂ ਨੇ,
ਕੀਤਾ ਨਾ ਵਿਖਾਵਾ, ਸੱਟਾਂ ਮੌਰਾਂ ਉੱਤੇ ਸਹੀਆਂ ਦਾ।

ਸੁਰਗਾਂ ਨੂੰ ਵੇਚ ਨਾ ਤੂੰ ਨਰਕਾਂ ਦਾ ਡਰ ਦੇ ਕੇ,
ਪਾਂਧਿਆ ਤੂੰ ਛੱਡ ਖਹਿੜਾ ਪੱਤਰੀਆਂ ਵਹੀਆਂ ਦਾ।

ਅਕਲੇ ਨੀ ਅਕਲੇ, ਤੂੰ ਰੋਕ ਨਾ ਦੀਵਾਨਗੀ ਤੋਂ,
ਕਤਲਗਾਹ 'ਚ ਮੁੱਲ ਕੀਹ ਏ ਦੱਸ ਤੇਰੇ ਜਹੀਆਂ ਦਾ।

ਮਨ ਤੰਦੂਰ/ 97