ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਆਪਸ ਦੇ ਵਿਚ ਕਿਉਂ ਲੜਦੇ ਹੋ, ਦੁਸ਼ਮਣ ਤਾਂ ਕੋਈ ਹੋਰ ਹੈ।
ਪੁਤਲੀਗਰ ਨੂੰ ਕਿਉਂ ਨਹੀਂ ਲੱਭਦੇ, ਜਿਸਦੇ ਹੱਥ ਵਿਚ ਡੋਰ ਹੈ।

ਚੋਰ ਚੋਰ ਦਾ ਰੌਲਾ ਪਾਉਂਦੇ, ਚੋਰ ਗੁਆ ਕੇ ਬਹਿ ਗਏ ਹਾਂ,
ਉਹ ਤਾਂ ਚੁੱਪ ਚੁਪੀਤਾ ਬੈਠਾ, ਜਿਸਦੇ ਮਨ ਵਿਚ ਚੋਰ ਹੈ।

ਉੱਚੀ 'ਵਾਜ਼ ਵਜਾ ਕੇ ਵਾਜੇ, ਦਰ ਦਰਵਾਜ਼ੇ ਤੋੜ ਰਿਹੈ,
ਚੌਕ ਚੁਰਸਤੇ ਫਿਰੇ ਭਟਕਦਾ, ਇਹ ਤਾਂ ਮਨ ਦਾ ਸ਼ੋਰ ਹੈ।

ਬਿਰਖਾਂ ਦੇ ਰਖਵਾਲੇ ਬਹਿ ਗਏ ਆਰੇ ਲਾ ਕੇ ਜੰਗਲ ਵਿਚ,
ਹਿੱਸੇ ਆਉਂਦਾ ਚੀਰੀ ਜਾਂਦੇ, ਜਿੰਨਾ ਜਿੰਨਾ ਜ਼ੋਰ ਹੈ।

ਸਾਲਮ ਸਾਬਤ ਚਿਹਰੇ ਵਾਲਾ ਕਦ ਤੱਕ ਭਰਮ ਸੰਭਾਲੇਂਗਾ,
ਜਿਹੜਾ ਅੰਦਰੋਂ ਤਿੜਕ ਗਿਆ ਏ, ਉਹ ਸ਼ੀਸ਼ਾ ਤਾਂ ਹੋਰ ਹੈ।

ਮੂੰਹ ਵਿਚ ਰਾਮ ਬਗਲ ਵਿਚ ਛੁਰੀਆਂ ਰੱਖਣ ਵਾਲੇ ਦੱਸਦੇ ਨੇ,
ਧਰਮ ਅਤੇ ਇਨਸਾਫ਼ ਦਾ ਰਾਖਾ ਖ਼ੁਦ ਵੀ ਆਦਮਖ਼ੋਰ ਹੈ।

ਉੱਚੇ ਬਿਰਖ਼ ਮੁਹੱਬਤਾਂ ਵਾਲੇ, ਸਿਰ ਤੇ ਛਾਵਾਂ ਤਣਦੇ ਨੇ,
ਤਾਂਹੀ ਪੈਲਾਂ ਪਾਉਂਦਾ, ਗਾਉਂਦਾ, ਮਨ ਮੰਦਿਰ ਦਾ ਮੋਰ ਹੈ।

ਮਨ ਤੰਦੂਰ/ 96