ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲਾਵੀਂ ਨਾ ਗਮਲੇ ਵਿਚ, ਧਰਤੀ 'ਚ ਉਗਾ ਮੈਨੂੰ।
ਜੜ੍ਹ ਡੂੰਘੀ ਫ਼ੈਲਰ ਕੇ, ਮਹਿਕਣ ਦਾ ਚਾਅ ਮੈਨੂੰ।

ਖ਼ੁਸ਼ਬੂ ਮਹਿਸੂਸ ਕਰੀਂ, ਚਾਵਾਂ ਵਿਚ, ਸਾਹਵਾਂ ਵਿਚ,
ਮੰਡੀ ਵਿਚ ਵੇਚੀਂ ਨਾ, ਮਿੱਟੀ ਦੇ ਭਾਅ ਮੈਨੂੰ।

ਦਮ ਮੇਰਾ ਘੁਟਦਾ ਹੈ, ਪਥਰੀਲੇ ਘਰ ਅੰਦਰ,
ਮੈਂ ਜੀਣਾ ਚਾਹੁੰਦੀ ਹਾਂ, ਲੈ ਲੈਣ ਦੇ ਸਾਹ ਮੈਨੂੰ।

ਜੰਗਲ ਦੀ ਛੋਹਰੀ ਹੈਂ, ਤੂੰ ਮੇਰੀ ਪੋਰੀ ਹੈਂ,
ਵੰਝ ਆਖੇ ਵੰਝਲੀ ਨੂੰ, ਕੋਈ ਤਾਨ ਸੁਣਾ ਮੈਨੂੰ।

ਪਹਿਚਾਣ ਜ਼ਰਾ ਮੈਨੂੰ, ਮੈਂ ਤੇਰੀ ਸ਼ਕਤੀ ਹਾਂ,
ਟਾਹਣਾਂ ਨੂੰ ਛੇੜ ਜ਼ਰਾ ਤੇ ਪੌਣ ਝੁਲਾ ਮੈਨੂੰ।

ਤੂੰ ਦੂਰ ਖਲੋਵੀਂ ਨਾ, ਮਗਰੂਰ ਨਾ ਹੋ ਜਾਵੀਂ,
ਜੇ ਆਪ ਨਹੀਂ ਆਉਣਾ ਤਾਂ ਕੋਲ ਬੁਲਾ ਮੈਨੂੰ।

ਵੇਦਨ ਹਾਂ ਭਟਕ ਰਹੀ, ਬਿਨ ਦੇਹੀ ਅਜ਼ਲਾਂ ਤੋਂ,
ਸੁਰਤਾਲ 'ਚ ਬੰਨ੍ਹ ਮੈਨੂੰ ਤੇ ਗ਼ਜ਼ਲ ਬਣਾ ਮੈਨੂੰ।

ਮਨ ਤੰਦੂਰ/ 95