ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹਨੇਰੇ ਦੀ ਰਿਆਸਤ ਵੇਖ ਕੇ ਜੇ ਡਰ ਗਏ ਹੁੰਦੇ।
ਅਸੀਂ ਵੀ ਸ਼ਾਮ ਢਲਣੋਂ ਬਹੁਤ ਪਹਿਲਾਂ ਘਰ ਗਏ ਹੁੰਦੇ।

ਜੇ ਚੂਰੀ ਖਾਣ ਦੀ ਆਦਤ ਪਕਾ ਲੈਂਦੇ ਤਾਂ ਕੀਹ ਹੁੰਦਾ,
ਅਸੀਂ ਜਿਸਮਾਂ ਦੀ ਮੌਤੋਂ, ਬਹੁਤ ਪਹਿਲਾਂ ਮਰ ਗਏ ਹੁੰਦੇ।

ਮੈਂ ਦਾਤਾ ਬਣਨ ਵਾਲੀ ਰੀਝ ਦਾ ਧੰਨਵਾਦ ਕਰਦਾ ਹਾਂ,
ਜੇ ਰਲਦੇ ਮੰਗਤਿਆਂ ਵਿਚ, ਧੁਰ ਜ਼ਮੀਰੋਂ ਠਰ ਗਏ ਹੁੰਦੇ।

ਨਿਰੰਤਰ ਜੀਣ ਦੀ ਇੱਛਾ ਨੂੰ ਆਪਾਂ ਮਰਨ ਨਾ ਦਿੱਤਾ,
ਇਹੀ ਜੇ ਡੁੱਬ ਜਾਂਦੀ, ਲਾਸ਼ ਵਾਂਗੂੰ ਤਰ ਗਏ ਹੁੰਦੇ।

ਨਹੀਂ ਜੇਤੂ ਅਸੀਂ ਪਰ ਵੇਖ ਲਉ ਸਿੱਧੇ ਖਲੋਤੇ ਹਾਂ,
ਅਸੀਂ ਵੀ ਰੀਂਘਦੇ ਹੋਣਾ ਸੀ, ਜੇਕਰ ਹਰ ਗਏ ਹੁੰਦੇ।

ਕਿਵੇਂ ਦੁੱਲੇ ਤੋਂ ਬੁੱਲ੍ਹੇ ਤੀਕ ਆਪਾਂ ਪਹੁੰਚਦੇ ਯਾਰੋ,
ਅਸੀਂ ਤਲਵਾਰ ਤੋਂ ਜਾਂ ਤੀਰ ਕੋਲੋਂ ਡਰ ਗਏ ਹੁੰਦੇ।

ਅਸੀਂ ਰਾਹਵਾਂ 'ਚ ਗੁੰਮ ਜਾਵਣ ਤੋਂ ਕਿੰਜ ਬਚਣਾ ਸੀ ਹਮਸਫ਼ਰੋ,
ਵਡੇਰੇ ਮਮਟੀਆਂ ਤੇ ਜੇ ਨਾ ਦੀਵੇ ਧਰ ਗਏ ਹੁੰਦੇ।

ਮਨ ਤੰਦੂਰ/ 94