ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/119

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਿੱਛੋਂ ਤੋੜਨੇ ਨਾ ਪੈਣ, ਪਹਿਲਾਂ ਬੁੱਤ ਨਾ ਬਣਾਉ।
ਕਦੇ ਮਿੱਟੀ ਦੇ ਦਿਓਤਿਆਂ ਨੂੰ ਫੁੱਲ ਨਾ ਚੜ੍ਹਾਉ।

ਕਰੋ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਆਂ ਦੀ ਪਛਾਣ,
ਚਿੱਤੋਂ ਹਾਰਿਆਂ ਦੇ ਨਾਲ ਕਦੇ ਅੱਖ ਨਾ ਮਿਲਾਉ।

ਤੁਰੇ ਜਿੰਨਾ ਚਿਰ ਨਾਲ, ਮੰਨੋ ਓਸ ਨੂੰ ਕਮਾਲ,
ਓਸ ਮਹਿਕ ਨੂੰ ਸੰਭਾਲ, ਅੱਗੇ ਕਦਮ ਵਧਾਉ।

ਅੱਖਾਂ ਮੀਟ ਪਹਿਲਾਂ ਕਰੋ ਨਾ ਜੀ ਅੰਧ-ਵਿਸ਼ਵਾਸ,
ਪਿੱਛੋਂ ਤੁਸੀਂ ਇਨਸਾਨ ਨੂੰ ਸ਼ੈਤਾਨ ਨਾ ਬਣਾਉ।

ਕੋਈ ਰਿਸ਼ਤਾ ਜਦੋਂ ਵੀ ਬਣੇ ਰੂਹਾਂ ਉੱਤੇ ਬੋਝ,
ਦੇ ਕੇ ਸੋਹਣਾ ਜਿਹਾ ਮੋੜ, ਬਾਤ ਅੱਗੇ ਨਾ ਵਧਾਉ।

ਬਹੁਤਾ ਬੋਲਣਾ ਹੀ ਬਹੁਤੀ ਵਾਰੀ ਕਰਦੈ ਖ਼ੁਆਰ,
ਮੈਨੂੰ ਚੁੱਪ ਰਹਿਣ ਦੇਵੋ, ਮੈਨੂੰ ਹੋਰ ਨਾ ਬੁਲਾਉ।

ਮੇਰਾ ਚਿੱਕੜਾਂ 'ਚ ਭਾਵੇਂ ਕੌਲ-ਫੁੱਲ ਵਾਂਗੂੰ ਵਾਸ,
ਪੱਕੇ ਘਰਾਂ ਨਾਲ ਤਾਹੀਓਂ ਮੇਰਾ ਲਾਗ ਨਾ ਲਗਾਉ।

ਹੋਣ ਦੋਸਤੀ ਦੇ ਬੂਟੇ, ਜੀਕੂੰ ਗਮਲੇ ਦੀ ਵੇਲ,
ਫੁੱਲ ਆਉਣਗੇ ਜ਼ਰੂਰ, ਜੇ ਰੋਜ਼ਾਨਾ ਪਾਣੀ ਪਾਉ।

ਸਦਾ ਨੀਤੀਆਂ ਤੇ ਨੀਤਾਂ ਬਦਨੀਤ ਹੋਣ ਜਿੱਥੇ,
ਫਿਰ ਹੋਣੈਂ ਕੀਹ ਨਤੀਜਾ, ਮੇਰਾ ਮੂੰਹ ਨਾ ਖੁੱਲ੍ਹਾਉ।

ਮਨ ਤੰਦੂਰ/ 119