ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/120

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੁਰਖ਼ ਅੰਗਾਰਾਂ ਉੱਤੇ ਵੇਖਾਂ ਜਦ ਵੀ ਭੁੱਜਦੀ ਛੱਲੀ।
ਤਿੜ ਤਿੜ ਕਰਦੀ, ਕਹਿੰਦੀ ਜਾਪੇ, ਹਾਏ! ਜਿੰਦ ਨਿਕਲ ਚੱਲੀ।

ਪਾਲ਼ੋ ਪਾਲ਼ ਕਤਾਰ 'ਚ ਬੈਠੇ, ਕਿਰ ਗਏ ਵਾਰੋ ਵਾਰੀ,
ਪਰਦੇ ਹੇਠ ਭਰਮ ਸੀ ਹਸਤੀ, ਹਰ ਦਾਣੇ ਦੀ ਕੱਲ੍ਹੀ।

ਚੱਕੀ ਦੇ ਪੁੜ ਪੀਸ ਰਹੇ ਨੇ, ਦਿਨ ਤੇ ਰਾਤ ਗਰੀਬੀ,
ਕਸਕ ਕਿਤੇ ਨਾ ਪੱਥਰ ਦਿਲ ਵਿਚ ਮੱਚਦੀ ਨਾ ਤਰਥੱਲੀ।

ਤੇਰੇ ਹੁੰਦਿਆਂ ਸੁੰਦਿਆਂ ਏਥੇ ਡਾਕੇ ਸਿਖ਼ਰ ਦੁਪਹਿਰੇ,
ਪਹਿਰੇਦਾਰ ਭਲਾ ਤੂੰ ਕਾਹਦਾ, ਦੱਸ ਵੇ ਕਾਕਾ ਬੱਲੀ।

ਅਕਲ ਵਿਕਾਊ ਸਣੇ ਜ਼ਮੀਰਾਂ ਨਕਦ ਮ ਨਕਦੀ ਸੌਦੇ,
ਰਾਤੋ-ਰਾਤ ਗਲੋਬ ਦੀ ਸਾਰੀ ਧਰਤ ਦਲਾਲਾਂ ਮੱਲੀ।

ਦਰ ਦਰਵਾਜ਼ੇ ਬੰਦ ਪਏ ਨੇ, ਧੀਆਂ ਪੁੱਤ ਪਰਦੇਸੀ,
ਕਿਸਨੂੰ ਪੀੜ ਸੁਣਾਵੇ ਧਰਤੀ, ਰੋ ਰੋ ਹੋ ਗਈ ਝੱਲੀ।

ਮਨ ਦਾ ਮੋਰ ਨਚਾਈਏ ਕਿੱਦਾਂ, ਸੰਗ ਮਰ ਮਰ ਦੇ ਉੱਤੇ,
ਬਾਗ ਬਗੀਚਿਆਂ ਤੋਂ ਬਿਨ ਇਸਦੀ ਪਾਵੇ ਰੂਹ ਨਾ ਜੱਲੀ।

ਮਨ ਤੰਦੂਰ/ 120