ਮਨ ਦੇ ਬੂਹੇ ਬਾਰੀਆਂ ਖੋਲ੍ਹ ਕੇ
ਵੇਖਦੈ ਕਿ ਸ਼ੀਸ਼ਾ ਝੂਠ ਤਾਂ ਨਹੀਂ ਬੋਲਦਾ
ਕਦੇ ਉਹ ਸੁਰਖ਼ ਸਮੁੰਦਰ ਦੀ ਥਾਹ ਪਾਉਂਦਾ ਸੀ
ਪਰ ਮਨ-ਤੰਦੂਰ ਦੀ ਤਪਸ਼ ਉਹਦੇ ਬੋਲਾਂ 'ਚ ਅੱਜ ਵੀ ਤਪਦੀ ਹੈ।
ਮੈਨੂੰ ਉਹ ਸਮਕਾਲੀ ਸਮਿਆਂ ਦੀ ਕਥਾ ਕਹਿ ਰਿਹਾ
ਕੋਈ ਜਾਗਰੂਕ ਰਿਸ਼ੀ ਲੱਗਦਾ ਹੈ
ਕਦੇ ਕੁੱਖਾਂ ਤੇ ਰੁੱਖਾਂ ਦੇ ਫ਼ਿਕਰ ਘਰ ਘਰ ਪਹੁੰਚਾਉਂਦਾ
ਪੈਰ ਪੈਰ ਤੇ ਸ਼ਬਦਾਂ ਦੇ ਸੁਰਖ਼ ਬਿਰਖ ਉਗਾਉਂਦਾ
ਲਾਲੀਆਂ ਹਰਿਆਲੀਆਂ ਦੀ ਬਾਤ ਪਾਉਂਦਾ
ਬਾਬੇ ਦੀ ਬਾਣੀ ਦਾ ਸੱਚ
ਸੁੱਤੇ ਲੋਕਾਂ ਨੂੰ ਸਹੀ ਸਮਝਾਉਂਦਾ
'ਜਾਗ ਬਈ ਪਿੰਡਾ ਜਾਗ' ਦਾ ਹੋਕਾ ਲਾਉਂਦਾ
ਦਰ ਦਰ ਜਾ ਅਲਖ ਜਗਾਉਂਦਾ
ਕੋਈ ਸ਼ਬਦ-ਰਿਸ਼ੀ ਸਾਵੇ ਬਿਰਖ ਜਿਹਾ
ਜਿਹੜਾ ਅਕਸਰ ਹੋਈਆਂ ਅਣਹੋਣੀਆਂ ਦੇ
ਹਾਵੇ ਹਾਉਕੇ ਬਿਆਨਦਾ।
ਤ੍ਰਿਹਾਏ ਮਿਰਗਾਂ ਦੀ ਤ੍ਰੇਹ ਦਾ ਹੱਲ ਤਲਾਸ਼ਦਾ
ਕੋਇਲਾਂ ਬੁਲਬੁਲਾਂ ਦੀਆਂ ਬੈਠ ਗਈਆਂ
ਰਗਾਂ ਦੀ ਪੀੜ ਪਛਾਣਦਾ
ਮੂੰਹ-ਮੋੜ ਹੋ ਗਏ
ਸਗਲ ਸੰਸਾਰ ਦੇ ਸਰੋਕਾਰਾਂ ਦੀ
ਕਲਮ-ਨੋਕ ਸੰਗ ਪੁਣ-ਛਾਣ ਕਰਦਾ
ਰਹੁ-ਰੀਤਾਂ ਦੀ ਕਿਣ-ਮਿਣ 'ਚ ਭਿੱਜਿਆ
ਹੂੰਗਰ ਨੂੰ ਹੁੰਗਾਰਿਆਂ 'ਚ ਬਦਲਦਾ
ਹਰ ਗਏ ਜਾਂ ਮਰ ਗਏ ਪੁੱਤਾਂ ਦੇ ਵਿਯੋਗ 'ਚ
ਵਿਲਕਦੀਆਂ ਨਿਕਰਮਣ ਮਾਵਾਂ ਦੇ
ਮਨ ਤੰਦੂਰ/ 15