ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਧੀਆਂ ਦੀਆਂ ਲੋਹੜੀਆਂ

ਗਾਈ ਜਾਉ ਭਾਵੇਂ ਤੁਸੀਂ ਵੀਰਾਂ ਦੀਆਂ ਘੋੜੀਆਂ।
ਵੰਡਿਆ ਕਰੋ ਜੀ, ਪਰ, ਧੀਆਂ ਦੀਆਂ ਲੋਹੜੀਆਂ।

ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ।
ਧੀਆਂ ਤੇ ਧਰੇਕਾਂ ਦੀਆਂ ਛਾਵਾਂ ਨੂੰ ਸੰਭਾਲਣਾ।
ਇਨ੍ਹਾਂ ਨੇ ਹੀ ਸੁੱਖਾਂ ਸਦਾ ਵੀਰਾਂ ਦੀਆਂ ਲੋੜੀਆਂ।
ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ।

ਜਿਹੜੇ ਘਰ ਧੀਆਂ ਵਾਲੀ ਠੰਢੀ ਮਿੱਠੀ ਛਾਂ ਨਹੀਂ।
ਓਸ ਘਰ ਰਹਿਮਤਾਂ ਲਈ ਹੁੰਦੀ ਕੋਈ ਥਾਂ ਨਹੀਂ।
ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ।
ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋਹੜੀਆਂ।

ਪੱਗ ਨਾਲ ਚੁੰਨੀ ਵਿਹੜਾ ਰਲ ਮਿਲ ਮਹਿਕਦਾ।
ਧੀਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ।
ਸਾਂਝ ਦੀਆਂ ਤੰਦਾਂ ਸਦਾ ਰੱਖੜੀ ਨੇ ਜੋੜੀਆਂ।
ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ।

ਪਿਆਰ ਪਾਣੀ ਪਾਉ ਇਸ ਜ਼ਿੰਦਗੀ ਦੀ ਵੇਲ ਨੂੰ।
ਫੁੱਲ ਤਾਹੀਓਂ ਲੱਗਣੇ ਨੇ ਚਾਂਦਨੀ ਰਵੇਲ ਨੂੰ।
ਸਦਾ ਪਛਤਾਏ ਜਿੰਨ੍ਹਾਂ ਟਾਹਣੀਆਂ ਨੇ ਤੋੜੀਆਂ।
ਵੰਡਿਆ ਕਰੋ ਜੀ, ਤੁਸੀਂ, ਧੀਆਂ ਦੀਆਂ ਲੋਹੜੀਆਂ।

ਮਨ ਤੰਦੂਰ/ 54