ਧਰਤ ਬੇਗਾਨੀ
ਰਵਿੰਦਰ ਰੰਗੂਵਾਲ ਦੇ ਨਾਂ
ਧਰਤ ਬੇਗਾਨੀ, ਵੇਖ ਪਰਾਈਆਂ, ਚੋਪੜੀਆਂ ਤੇ ਡੁੱਲਿਓ ਨਾ।
ਆਪਣੀ ਬੋਲੀ, ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ।
ਪੁੱਤ ਨਾ ਸੌਖੇ ਘਰੋਂ ਤੋਰਨੇ, ਮਾਂ ਕਰਦੀ ਅਰਦਾਸਾਂ।
ਬਾਬਲ ਵਿਹੜਾ ਸਦਾ ਉਡੀਕੇ ਕਰਿਓ ਪੂਰੀਆਂ ਆਸਾਂ।
ਸੋਨ ਸੁਨਹਿਰੀ ਠੀਕਰੀਆਂ ਨੂੰ ਵੇਖ ਵੇਖ ਕੇ ਫੁੱਲਿਓ ਨਾ।
ਆਪਣਾ ਵਿਰਸਾ, ਆਪਣੀ ਬੋਲੀ, ਕਦੇ ਪੰਜਾਬੀਓ ਭੁੱਲਿਓ ਨਾ।
ਲੋਰੀ, ਵੈਣ, ਸੁਹਾਗ, ਘੋੜੀਆਂ, ਦੁਖ ਸੁਖ ਦੇ ਨੇ ਪਹੀਏ।
ਮਾਂ ਬੋਲੀ ਨਾ ਘਰ ਚੋਂ ਉੱਜੜੇ, ਜਿੱਥੇ ਮਰਜ਼ੀ ਰਹੀਏ।
ਸੁੱਚਾ ਰਿਸ਼ਤਾ ਮਾਂ ਜਣਨੀ ਦਾ, ਸੁਪਨੇ ਵਿਚ ਵੀ ਭੁੱਲਿਓ ਨਾ।
ਆਪਣੀ ਬੋਲੀ, ਆਪਣਾ ਵਿਰਸਾ, ਕਦੇ ਪੰਜਾਬੀਓ ਭੁੱਲਿਓ ਨਾ।
ਤੱਤੀ ਤਵੀ ਲਾਹੌਰ ਦੀ ਭਾਵੇਂ ਦਿੱਲੀ ਚੱਲਦਾ ਆਰਾ।
ਸਾਡੇ ਵੱਡਿਆਂ ਦਾ ਸਾਡੇ ਸਿਰ, ਕਰਜ਼ ਬੜਾ ਏ ਭਾਰਾ।
ਕੱਚੀ ਗੜ੍ਹੀ ਚਮਕੌਰ ਦੀ, ਸਾਕਾ ਸਰਹੰਦ ਵਾਲਾ ਭੁੱਲਿਓ ਨਾ।
ਜਾਨ ਵਾਰ ਕੇ ਲਈ ਯੋਧਿਆਂ, ਮਹਿੰਗੇ ਮੁੱਲ ਸਿਰਦਾਰੀ।
ਸਾਡੇ ਘਰ ਨੂੰ ਲੀਰਾਂ ਕਰ ਗਏ, ਚਾਤਰ ਬੜੇ ਵਪਾਰੀ।
ਸਾਵਧਾਨ! ਹੁਣ ਫੇਰ ਫਰੰਗੀਆਂ ਵਾਲੀ ਤੱਕੜੀ ਤੁਲਿਓ ਨਾ।
ਆਪਣੀ ਬੋਲੀ, ਆਪਣਾ ਵਿਰਸਾ, ਵੇਖ ਪੰਜਾਬੀਓ ਭੁੱਲਿਓ ਨਾ।
ਮਨ ਤੰਦੂਰ/ 53