ਇਹ ਵਰਕਾ ਤਸਦੀਕ ਕੀਤਾ ਗਿਆ ਏ
ਕਿੱਥੋਂ ਤੁਰੀ ਕਿੱਥੇ ਪਹੁੰਚੀ
ਕਿੱਥੋਂ ਤੁਰੀ ਕਿੱਥੇ ਪਹੁੰਚੀ ਸਾਡੇ ਪਿਆਰ ਦੀ ਕਹਾਣੀ।
ਮੇਰੇ ਹੰਝੂ ਸੁੱਚੇ ਮੋਤੀ, ਤੂੰ ਬਣਾਈ ਜਾਵੇਂ ਪਾਣੀ।
ਨੀ ਤੂੰ ਸੁੱਚੀਆਂ ਮੁਹਬੱਤਾਂ ਦਾ ਕੀ ਏ ਮੁੱਲ ਪਾਇਆ।
ਮਹਿਲ ਮੱਲ ਬੈਠੀ, ਕੁੱਲੀ ਦਾ ਖ਼ਿਆਲ ਵੀ ਨਾ ਆਇਆ।
ਐਵੇਂ ਏਨਾ ਚਿਰ ਪਾਈ ਰੱਖੀ, ਪਾਣੀ 'ਚ ਮਧਾਣੀ।
ਕਿੱਥੋਂ ਤੁਰੀ ਕਿੱਥੇ ਪਹੁੰਚੀ...।
ਪੈਸਾ ਦੇਂਦਾ ਦੇ ਸਿਖ਼ਾਲ ਸਭ ਚੋਰ ਚਤੁਰਾਈਆਂ।
ਭੋਲੇ ਪੰਛੀ ਨੂੰ ਗੱਲਾਂ ਇਹ ਸਮਝ ਹੁਣ ਆਈਆਂ।
ਜਦੋਂ ਹੰਝੂ ਦਰਿਆ ਦੇ ਵਾਂਗੂੰ ਵਗੇ ਦਿਲ ਥਾਣੀਂ।
ਕਿੱਥੋਂ ਤੁਰੀ ਕਿੱਥੇ ਪਹੁੰਚੀ।
ਕੱਚੇ ਰੇਤ ਦੇ ਮਹੱਲ ਭਲਾ ਕਿੰਨਾ ਚਿਰ ਰਹਿੰਦੇ।
ਜਿਹੜੇ ਲਹਿਰਾਂ ਦੀਆਂ ਠੋਕਰਾਂ ਨੂੰ ਚੌਵੀ ਘੰਟੇ ਸਹਿੰਦੇ।
ਹੜ੍ਹ ਯਾਦਾਂ ਵਾਲਾ ਡੋਬੂ, ਚੜ੍ਹ ਆਇਆ ਗਲ ਤਾਣੀਂ।
ਕਿੱਥੋਂ ਤੁਰੀ ਕਿੱਥੇ ਪਹੁੰਚੀ...।
ਚੇਤੇ ਰੱਖਣਾ ਵੀ ਔਖਾ ਹੁਣ ਭੁੱਲਣਾ ਮੁਹਾਲ।
ਕਿਵੇਂ ਸਾਹਾਂ ਤੋਂ ਨਿਖੇੜਾਂ, ਲੰਘੇ ਪਲ ਤੇਰੇ ਨਾਲ।
ਬਾਤ ਮੁੱਕੀ ਅਧਵਾਟੇ, ਜਿੰਦ ਹੋ ਗਈ ਅੱਧੋਰਾਣੀ।
ਕਿੱਥੋਂ ਤੁਰੀਂ, ਕਿੱਥੇ ਪਹੁੰਚੀ ਸਾਡੇ ਪਿਆਰ ਦੀ ਕਹਾਣੀ।
ਮਨ ਤੰਦੂਰ/ 58