ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ

ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ।
ਸਮਝੇ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ।

ਏਨੀ ਤੂੰ ਬੇਰਹਿਮੀ ਨਾਲ ਕੁੱਖ ਵਿਚੋਂ ਤੋਰ ਨਾ।
ਡੋਡੀ ਤੂੰ ਗੁਲਾਬ ਵਾਲੀ, ਅੱਗ ਉੱਤੇ ਭੋਰ ਨਾ।
ਤੇਰੇ ਤੋਂ ਬਗੈਰ ਮੇਰਾ ਦਰਦੀ ਕੋਈ ਹੋਰ ਨਾ।
ਬੰਦ ਕਾਹਨੂੰ ਕੀਤੀ ਨੂੰ ਜ਼ੁਬਾਨ ਮਾਏ ਮੇਰੀਏ।

ਦਾਜ ਤੇ ਦਹੇਜ ਵਾਲੇ ਲੋਭੀਆਂ ਤੋਂ ਡਰ ਨਾ।
ਹੰਝੂਆਂ ਨੂੰ ਪੂੰਝ, ਐਵੇਂ ਰੋਜ਼ ਰੋਜ਼ ਮਰ ਨਾ।
ਹਿੰਮਤਾਂ ਦੇ ਨਾਲ ਇਹ ਇਲਾਜ ਪੈਣਾ ਕਰਨਾ।
ਕਰ ਦੇ ਤੂੰ ਜੰਗ ਦਾ ਐਲਾਨ ਮਾਏ ਮੇਰੀਏ।

ਫਿਰਦੀ ਮੁੰਡੀਹਰ ਵਿਚ ਗਲੀਆਂ ਮੁਹੱਲਿਆਂ।
ਨੱਥ ਨਹੀਉਂ ਪੈਣੀ, ਇਨ੍ਹਾਂ ਤਾਈਂ ਮਾਏ ਕੱਲ੍ਹਿਆਂ।
ਮੁੱਕਣਾ ਨਹੀਂ ਪੈਂਡਾ, ਇਹ ਬਗੈਰ ਕਦੇ ਚੱਲਿਆਂ।
ਕੰਮ ਏਹੀ ਆਵੇਗਾ ਗਿਆਨ ਮਾਏ ਮੇਰੀਏ।

ਪੁੱਤ ਵੀ ਤਾਂ ਰੋਲਦੇ ਨੇ ਬਾਬਲੇ ਦੀ ਪੱਗ ਨੂੰ।
ਮੇਰੇ ਵੱਲੋਂ ਆਖਦੇ ਤੂੰ ਮਾਏ ਸਾਰੇ ਜੱਗ ਨੂੰ।
ਆਪ ਹੀ ਬੁਝਾਉ ਇਸ ਅਲੋਕਾਰ ਅੱਗ ਨੂੰ।
ਧੀਆਂ ਨਾਲ ਵੱਸਦਾ ਜਹਾਨ ਮਾਏ ਮੇਰੀਏ।
ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ।

ਮਨ ਤੰਦੂਰ/ 73