ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਨ ਮਾਹੀ ਕਿੱਧਰ ਗਿਆ


ਰਾਤ ਹਨੇਰੀ ਬਿਜਲੀ ਕੜਕੇ, ਅੱਖਾਂ ਦੇ ਵਿਚ ਇਹ ਕੀਹ ਰੜਕੇ,
ਕੱਲ੍ਹੀ ਜਾਨ ਨੂੰ ਲੱਖਾਂ ਕਜੀਏ, ਕੱਟਣੇ ਪਏ ਜਗਰਾਤੇ।
ਚੰਨ ਮਾਹੀ ਕਿੱਧਰ ਗਿਆ, ਦੱਸ ਨੀ ਕਾਲੀਏ ਰਾਤੇ।

ਅਤਾ ਪਤਾ ਨਾ ਕੋਈ ਸਿਰਨਾਵਾਂ।
ਦੱਸ ਮੈਂ ਚਿੱਠੀਆਂ ਕਿੱਧਰ ਪਾਵਾਂ।
ਤੂੰਹੀਓਂ ਬੋਲ ਬਨੇਰਿਓਂ ਕਾਵਾਂ।
ਜਾਣ ਵਾਲਿਆ ਇਹ ਕੀ ਕੀਤਾ, ਤੁਰ ਗਿਉਂ ਚੁੱਪ ਚਪਾਤੇ।

ਸੁੰਨ ਮਸੁੰਨੇ ਦਿਲ ਦੇ ਵਿਹੜੇ।
ਗ਼ਮ ਦੀ ਚਰਖ਼ੀ ਖਾਵੇ ਗੇੜੇ।
ਪਰ ਨਾ ਕੋਈ ਤੰਦ ਨਿਬੇੜੇ।
ਟੁੱਟਦੀ ਜਾਂਦੀ ਮਾਲ੍ਹ ਮਹਿਰਮਾ, ਪਾ ਗਿਓਂ ਕਿਹੜੇ ਖ਼ਾਤੇ।

ਜਿੰਦ ਅਧਮੋਈ ਬੱਗੀ ਪੂਣੀ।
ਪੀੜ ਸਵਾਈਓਂ ਹੋ ਗਈ ਦੂਣੀ।
ਚੱਟਣੀ ਪੈ ਗਈ ਸਿੱਲ-ਅਲੂਣੀ।
ਨੈਣੋਂ ਝੜੀਆਂ, ਵਰ੍ਹ ਵਰ੍ਹ ਖੜ੍ਹੀਆਂ, ਤੂੰ ਵੀ ਰੁਕ ਬਰਸਾਤੇ।

ਤੋੜ ਗਿਐਂ ਤੂੰ ਰਿਸ਼ਤਾ ਗੂੜ੍ਹਾ।
ਢਿਲਕ ਢਿਲਕ ਪਿਆ ਜਾਵੇ ਜੂੜਾ।
ਫਿੱਕਾ ਪੈ ਗਿਆ ਰੰਗਲਾ ਚੂੜਾ।
ਪੈਸੇ ਪਿੱਛੇ ਮੋੜ ਗਿਐਂ ਤੂੰ, ਸੁੱਚੇ ਰਿਸ਼ਤੇ ਨਾਤੇ।
ਚੰਨ ਮਾਹੀ ਕਿੱਧਰ ਗਿਆ, ਦੱਸ ਨੀ ਕਾਲੀਏ ਰਾਤੇ।

ਮਨ ਤੰਦੂਰ/ 74