ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅੰਬਰਾਂ ਨੂੰ ਉਡਾਰੀ ਭਰਨ ਲਈ, ਅੱਖੀਆਂ 'ਚੋਂ ਨੀਂਦਰ ਟਾਲ ਦਿਉ।
ਪੌਣਾਂ ਦੇ ਪੈਰੀਂ ਝਾਂਜਰ ਪਾ, ਧੜਕਣ ਨੂੰ ਸੁਰ ਤੇ ਤਾਲ ਦਿਉ।

ਜੇ ਮਨ ਮੰਦਿਰ ਦੀ ਬਸਤੀ ਵਿਚ ਨੇਰ੍ਹੇ ਦਾ ਵਾਸ ਰਿਹਾ ਏਦਾਂ,
ਰੂਹ ਵਾਲਾ ਚੰਬਾ ਖਿੜਨਾ ਨਹੀਂ, ਕਿਰਨਾਂ ਲਈ ਸੂਰਜ ਬਾਲ ਦਿਉ।

ਅਣਦਿਸਦੀ ਚਾਰ ਦੀਵਾਰੀ ਵਿਚ, ਮੈਂ ਆਪੇ ਘਿਰਿਆ ਕੈਦੀ ਹਾਂ,
ਮੇਰੇ ਤੋਂ ਮੈਨੂੰ ਮੁਕਤ ਕਰੋ, ਉਇ ਸੱਜਣੋ ਮਿੱਤਰੋ ਨਾਲ ਦਿਉ।

ਜੇ ਚਾਹੋ ਬਰਕਤ ਘਰ ਆਵੇ, ਹਰਕਤ ਵੀ ਹਿੰਮਤ ਨਾਲ ਕਰੋ,
ਮੱਥੇ ਵਿੱਚ ਜੋਤ ਜਗਾਉ ਫਿਰ, ਪੈਰਾਂ ਨੂੰ ਸੁਜਾਖ਼ੀ ਚਾਲ ਦਿਉ।

ਇਹ ਜ਼ੋਰ ਜਵਾਨੀ ਮੁੜ ਮੁੜ ਕੇ, ਬੂਹੇ ਤੇ ਦਸਤਕ ਨਹੀਂ ਦੇਂਦੇ,
ਹੁਣ ਤੇਲ ਬਰੂਹੀਂ ਸ਼ਗਨਾਂ ਦਾ, ਖ਼ੁਦ ਅਪਣੇ ਹੱਥੀਂ ਢਾਲ ਦਿਉ।

ਬੰਦੇ 'ਚੋਂ ਬੰਦਾ ਦਿਸਦਾ ਨਹੀਂ, ਇਹ ਸ਼ਿਕਵਾ ਬਹੁਤ ਪੁਰਾਣਾ ਹੈ,
ਆਪੇ 'ਚੋਂ ਖ਼ੁਦ ਨੂੰ ਢੂੰਡ ਲਵੋ, ਰੱਬ ਪੱਥਰਾਂ ਅੰਦਰੋਂ ਭਾਲਦਿਉ।

ਵੱਡਿਆਂ ਦੀਆਂ ਪੈੜਾਂ ਨਾਪਦਿਆਂ, ਮੈਂ ਏਥੋਂ ਤੀਕਰ ਆਇਆ ਹਾਂ,
ਤੁਰਦੇ ਰਹੋ ਸਫ਼ਰ ਨਿਰੰਤਰ ਤੇ, ਓਇ ਰਾਹੀਓ ਪਿਛਲੀ ਪਾਲ ਦਿਉ।

ਮਨ ਤੰਦੂਰ/ 81