ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦਰਦ ਸੁੱਤਾ ਜਦ ਕਦੇ ਵੀ ਜਾਗਦਾ ਹੈ।
ਚੁੱਪ ਰਹਿ ਕੇ ਵੀ ਬੜਾ ਕੁਝ ਆਖਦਾ ਹੈ।

ਧਰਤੀਆਂ ਆਕਾਸ਼ ਸਾਗਰ ਬੋਲ ਰਹੇ ਨੇ,
ਫੇਰ ਵੀ ਹਾਲੇ ਬੜਾ ਕੁਝ ਅਣ ਕਿਹਾ ਹੈ।

ਮੇਘਲਾ ਬਰਸਾਤ ਮੰਗਣ ਧਰਤ ਵਾਲੇ,
ਬੱਦਲੀਆਂ ਦੇ ਦਰਦ ਨੂੰ ਕਿਸ ਗੌਲ਼ਿਆ ਹੈ।

ਜਿਸਮ ਦੀ ਕਰਤੂਤ ਵੇਖੋ, ਆਪ ਜਿਸਨੇ,
ਅੱਜ ਤੀਕਰ ਰੂਹ 'ਚ ਨਾ ਮੁੜ ਝਾਕਿਆ ਹੈ।

ਤੂੰ ਮੇਰੇ ਸਾਹਾਂ 'ਚ ਬਰਸੇਂ ਪਿਆਸ ਬਣ ਕੇ,
ਰੂਹ 'ਚ ਕਿਣਮਿਣ ਕਰਨ ਤੋਂ ਕਿਸ ਵਰਜਿਆ ਹੈ।

ਮੈਂ ਵੀ ਓਸੇ ਮਿਰਗ ਦੀ ਜੂਨੇ ਪਿਆ ਹਾਂ,
ਜਿਸ ਦੀ ਖੁਸ਼ਬੂ, ਜ਼ਿੰਦਗੀ ਚੋਂ ਲਾਪਤਾ ਹੈ।

ਪਰਤਣਾ ਪੈਂਦਾ ਹੈ ਆਖ਼ਰ ਧਰਤ ਉੱਤੇ,
ਬਹੁਤ ਉੱਚਾ ਉੱਡ ਕੇ ਵੀ ਵੇਖਿਆ ਹੈ।

ਤੂੰ ਮੇਰੇ ਵਿਸ਼ਵਾਸ ਨੂੰ ਠੋਕਰ ਜੇ ਮਾਰੀ,
ਸਮਝ ਲਈਂ ਮੇਰੀ ਸਦੀਵੀ ਅਲਵਿਦਾ ਹੈ।

ਦਰਦ ਕੱਲ੍ਹੇ ਹੋਣ ਦਾ, ਮੈਂ ਕੀਹ ਸੁਣਾਵਾਂ,
ਸਿਖ਼ਰਲੀ ਟੀਸੀ ਤੇ ਉੱਗ ਦੇ ਵੇਖਿਆ ਹੈ।

ਮਨ ਤੰਦੂਰ/ 82