ਇਹ ਵਰਕਾ ਤਸਦੀਕ ਕੀਤਾ ਗਿਆ ਏ
ਸ਼ਹਿਰ ਆ ਕੇ ਦਿਲ ਮਗਰੂਰ ਜਿਹਾ ਹੋ ਗਿਆ।
ਖੁਸ਼ੀਆਂ ਦਾ ਡੇਰਾ ਤਾਹੀਓਂ ਦੂਰ ਜਿਹਾ ਹੋ ਗਿਆ।
ਫੁੱਲਾਂ ਵਿਚ ਰੰਗ, ਖੁਸ਼ਬੋਈ ਮੇਰੇ ਅੰਗ ਸੰਗ,
ਕਣ ਕਣ ਮਹਿਕ ਭਰਪੂਰ ਜਿਹਾ ਹੋ ਗਿਆ।
ਜਿਸਮਾਂ ਨੂੰ ਛੱਡ ਇਹ ਤਾਂ ਮਿੱਟੀ ਦੀਆਂ ਢੇਰੀਆਂ,
ਦਿਲ ਵੀ ਤਾਂ ਪਹਿਲਾਂ ਨਾਲੋਂ ਦੂਰ ਜਿਹਾ ਹੋ ਗਿਆ।
ਜਾਬਰਾਂ ਦੇ ਵੱਸ ਵੇਖ ਨਾਬਰਾਂ ਦੀ ਜ਼ਿੰਦਗੀ,
ਸਾਬਰਾਂ ਦਾ ਦਿਲ ਕਿਉਂ ਮਨੂਰ ਜਿਹਾ ਹੋ ਗਿਆ।
ਲਾਲ ਪੀਲਾ ਹੋਈ ਜਾਵੇ, ਚਿੱਟੇ ਖ਼ੂਨ ਵਾਲਿਆਂ,
ਜਾਪੇ ਤੂੰ ਵੀ ਧਰਤੀ ਤੋਂ ਦੂਰ ਜਿਹਾ ਹੋ ਗਿਆ।
ਆਈ ਏ ਆਵਾਜ਼ ਮੈਨੂੰ ਦੁੱਲੇ ਵਾਲੀ ਬਾਰ 'ਚੋਂ,
ਰਾਵੀ ਦਿਆਂ ਪੱਤਣਾਂ ਤੇ ਨੂਰ ਜਿਹਾ ਹੋ ਗਿਆ।
ਗ਼ਜ਼ਲਾਂ 'ਚੋਂ ਲੱਭ ਲਵੀਂ, ਦੱਸੀਂ ਤੂੰ ਪਛਾਣ ਕੇ,
ਮੈਥੋਂ ਮੇਰਾ ਪਿੰਡ ਕਿਵੇਂ ਦੂਰ ਜਿਹਾ ਹੋ ਗਿਆ।
ਮਨ ਤੰਦੂਰ/ 91