ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਭੋਲਿਆਂ ਪਰਿੰਦਿਆਂ ਨੂੰ ਜਦੋਂ ਕੋਈ ਠੱਗਦਾ।
ਮੈਨੂੰ ਸਦਾ ਆਪਣਾ ਕਸੂਰ ਜਿਹਾ ਲੱਗਦਾ।

ਧਰਤੀ ਦਾ ਪੁੱਤ ਬਣ, ਏਨੀ ਗੱਲ ਜਾਣ ਲੈ,
ਫ਼ਲ ਨਾਲੋਂ ਪਹਿਲਾਂ ਸਦਾ ਬੂਰ ਜਿਹਾ ਲੱਗਦਾ।

ਨੇਰ੍ਹ ਤੇ ਸਵੇਰ ਦਾ ਵਿਰੋਧ ਨਹੀਓਂ ਮੁੱਕਣਾ,
ਰਾਤਾਂ ਨੂੰ ਤਾਂ ਐਵੇਂ ਹੀ ਫਤੂਰ ਜਿਹਾ ਲੱਗਦਾ।

ਪੀਣ ਵਾਲੀ ਇਨ੍ਹਾਂ ਕੋਲ ਇਕ ਸੁੱਚੀ ਤਿੱਪ ਨਹੀਂ,
ਸਾਗਰਾਂ ਨੂੰ ਫੋਕਾ ਕਿਉਂ ਗਰੂਰ ਜਿਹਾ ਲੱਗਦਾ।

ਵਿੱਚੋਂ ਤਪੀ ਮਿੱਟੀ ਤੇ ਪਕਾਵੇ ਬੀਬੀ ਰੋਟੀਆਂ,
ਬਾਹਰੋਂ ਠੰਢਾ ਠਾਰ ਕਿਉਂ ਤੰਦੂਰ ਜਿਹਾ ਲੱਗਦਾ।

ਚੁੰਮਦਾ ਦਲ੍ਹੀਜ਼ ਇਹਦੀ ਸੂਰਜਾ ਸਵੇਰ ਸ਼ਾਮ,
ਧਰਤੀ ਨੂੰ ਐਵੇਂ ਮਗਰੂਰ ਜਿਹਾ ਲੱਗਦਾ।

ਜਿੰਨਾਂ ਸਾਡਾ ਗੁਰੂ ਦੇ ਸੰਦੇਸ਼ੜੇ ਤੋਂ ਫ਼ਾਸਲਾ,
ਓਨਾ ਨਨਕਾਣਾ ਸਾਨੂੰ ਦੂਰ ਜਿਹਾ ਲੱਗਦਾ।

ਮਨ ਤੰਦੂਰ/ 92