ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੀਂਹ ਨੇਰ੍ਹੀ ਨੇ ਮੂੱਧੇ ਕੀਤੇ ਗੜੇਮਾਰ ਨੇ ਭੰਨੇ।
ਫੁੱਲਾਂ ਖ਼ਾਤਰ ਲਾਏ ਸੀ ਜੋ ਬੂਟੇ ਵੰਨ-ਸੁਵੰਨੇ।

ਚਾਰ ਚੁਫੇਰੇ ਜੀਭਾਂ ਬੋਲਣ ਕੰਨ ਪਾੜਵਾਂ ਰੌਲਾ,
ਕੰਨਾਂ ਦੇ ਵਿਚ ਰੂੰ ਦੇ ਫੰਬੇ ਕਿਹੜਾ ਕਿਸ ਦੀ ਮੰਨੇ।

ਹਰ ਗਮਲੇ ਵਿਚ ਪੰਜ ਛੇ ਬੂਟੇ ਮੱਕੀ ਤੇ ਕੁਝ ਛੋਲੇ,
ਪੱਕੇ ਫ਼ਰਸ਼ ਉਗਾਵਾਂ ਕਿੱਥੇ ਸੁਪਨੇ ਵੰਨ ਸੁਵੰਨੇ।

ਕੰਕਰੀਟ ਦੇ ਪਿੰਜਰੇ ਅੰਦਰ ਚੂਰੀ ਰੰਗ ਬਰੰਗੀ,
ਖਾਂਦੇ ਖਾਂਦੇ ਲੜ ਪੈਂਦੇ ਨੇ ਕੈਦੀ ਅਕਲੋਂ ਅੰਨ੍ਹੇ।

ਕੌਣ ਕਰੇ ਮਹਿਮਾਨ ਨਿਵਾਜ਼ੀ ਪਿੰਡ ਗਿਆਂ ਤੇ ਸਾਡੀ,
ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।

ਮਨ ਦੇ ਬੂਹੇ ਬਾਰੀਆਂ - 127