ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਂ ਤੰਬੂ ਹੇਠ ਮਰ ਚੱਲਿਆਂ, ਕਿਸੇ ਨੇ ਵੱਢੀਆਂ ਤਣੀਆਂ।
ਇਕੱਲੀ ਜਾਨ ਤੇ ਲੱਖਾਂ ਕਰੋੜਾਂ ਮੁਸ਼ਕਲਾਂ ਬਣੀਆਂ।

ਅਸੀਂ ਤਪਦੇ ਮਹੀਨੇ ਮੰਗਿਆ ਸੀ ਮੇਘਲਾ ਤੈਥੋਂ,
ਤੂੰ ਸਾਨੂੰ ਬਖ਼ਸ਼ੀਆਂ ਤੇਜ਼ਾਬ ਦੇ ਬੱਦਲ ਦੀਆਂ ਕਣੀਆਂ।

ਅਸੀਂ ਵਰਮੀ ਦੇ ਅੰਦਰ ਹੱਥ ਪਾ ਕੇ ਵੇਖ ਆਏ ਹਾਂ,
ਸਿਰਾਂ ਨੂੰ ਪੀੜਿਆਂ ਬਿਨ ਮਿਲਣ ਨਾ ਨਾਗਾਂ ਦੀਆਂ ਮਣੀਆਂ।

ਮੇਰੀ ਗੈਰਤ ਕਦੇ ਵੀ ਹਾਕਮਾਂ ਨੂੰ ਰਾਸ ਨੀਂ ਆਉਂਦੀ,
ਇਸੇ ਕਰਕੇ ਮੇਰੀ ਹਿੱਕ ਤੇ ਸੰਗੀਨਾਂ ਰਹਿੰਦੀਆਂ ਤਣੀਆਂ।

ਇਹ ਕਿੱਧਰ ਤੁਰ ਪਿਆ ਹੈ ਵਕਤ ਵੇਖੋ ਤੇ ਜ਼ਰਾ ਸੋਚੋ,
ਹਿਲਾਵੇ ਤਾਰ ਕਿਹੜਾ ਬੈਠ ਕਿੱਥੇ ਖਿੱਚਦਾ ਤਣੀਆਂ।

ਅਸੀਂ ਪੁਤਲੀ ਦੇ ਵਾਂਗੂੰ ਰਾਤ ਦਿਨ ਹਾਂ ਨੱਚਦੇ ਯਾਰੋ,
ਨਚਾਵੇ ਬਣ ਮਦਾਰੀ ਵੇਖ ਲੈ ਇਹ ਵਕਤ ਦਾ ਬਣੀਆ।

ਉਨ੍ਹਾਂ ਨੂੰ ਕੀ ਪਤਾ ਹੈ ਤਿਤਲੀਆਂ ਦੀ ਮੌਤ ਦੇ ਬਾਰੇ,
ਜਿਨ੍ਹਾਂ ਦੇ ਨੇਤਰਾਂ 'ਚ ਪੁਤਲੀਆਂ ਪੱਥਰ ਦੀਆਂ ਬਣੀਆਂ।

ਮਨ ਦੇ ਬੂਹੇ ਬਾਰੀਆਂ-71